ਰਾਮਕਲੀ ਮਹਲਾ ੯ ॥
ਸਾਧੋ ਕਉਨ ਜੁਗਤਿ ਅਬ ਕੀਜੈ ॥ ਜਾ ਤੇ ਦੁਰਮਤਿ ਸਗਲ ਬਿਨਾਸੈ ਰਾਮ ਭਗਤਿ ਮਨੁ ਭੀਜੈ ॥੧॥ ਰਹਾਉ ॥ ਮਨੁ ਮਾਇਆ ਮਹਿ ਉਰਝਿ ਰਹਿਓ ਹੈ ਬੂਝੈ ਨਹ ਕਛੁ ਗਿਆਨਾ ॥ ਕਉਨੁ ਨਾਮੁ ਜਗੁ ਜਾ ਕੈ ਸਿਮਰੈ ਪਾਵੈ ਪਦੁ ਨਿਰਬਾਨਾ ॥੧॥ ਭਏ ਦਇਆਲ ਕ੍ਰਿਪਾਲ ਸੰਤ ਜਨ ਤਬ ਇਹ ਬਾਤ ਬਤਾਈ ॥ ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤਿ ਗਾਈ ॥੨॥ ਰਾਮ ਨਾਮੁ ਨਰੁ ਨਿਸਿ ਬਾਸੁਰ ਮਹਿ ਨਿਮਖ ਏਕ ਉਰਿ ਧਾਰੈ ॥ ਜਮ ਕੋ ਤ੍ਰਾਸੁ ਮਿਟੈ ਨਾਨਕ ਤਿਹ ਅਪੁਨੋ ਜਨਮੁ ਸਵਾਰੈ ॥੩॥੨॥ {ਪੰਨਾ 902}
ਅਰਥ: ਹੇ ਸੰਤ ਜਨੋ! ਹੁਣ (ਇਸ ਮਨੁੱਖਾ ਜਨਮ ਵਿਚ ਉਹ) ਕਿਹੜੀ ਵਿਓਂਤ ਕੀਤੀ ਜਾਏ, ਜਿਸ ਦੇ ਕਰਨ ਨਾਲ (ਮਨੁੱਖ ਦੇ ਅੰਦਰੋਂ) ਸਾਰੀ ਖੋਟੀ ਮਤਿ ਨਾਸ ਹੋ ਜਾਏ, ਅਤੇ (ਮਨੁੱਖ ਦਾ) ਮਨ ਪਰਮਾਤਮਾ ਦੀ ਭਗਤੀ ਵਿਚ ਰਚ-ਮਿਚ ਜਾਏ?।1। ਰਹਾਉ।
ਹੇ ਸੰਤ ਜਨੋ! (ਆਮ ਤੌਰ ਤੇ ਮਨੁੱਖ ਦਾ) ਮਨ ਮਾਇਆ (ਦੇ ਮੋਹ) ਵਿਚ ਉਲਝਿਆ ਰਹਿੰਦਾ ਹੈ, ਮਨੁੱਖ ਰਤਾ ਭਰ ਭੀ ਸਿਆਣਪ ਦੀ ਇਹ ਗੱਲ ਨਹੀਂ ਵਿਚਾਰਦਾ ਕਿ ਉਹ ਕਿਹੜਾ ਨਾਮ ਹੈ ਜਿਸ ਦਾ ਸਿਮਰਨ ਕਰਨ ਨਾਲ ਜਗਤ ਵਾਸਨਾ-ਰਹਿਤ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ।1।
ਹੇ ਭਾਈ! ਜਦੋਂ ਸੰਤ ਜਨ (ਕਿਸੇ ਭਾਗਾਂ ਵਾਲੇ ਉਤੇ) ਦਇਆਵਾਨ ਹੁੰਦੇ ਹਨ ਕਿਰਪਾਲ ਹੁੰਦੇ ਹਨ, ਤਦੋਂ ਉਹ (ਉਸ ਮਨੁੱਖ ਨੂੰ) ਇਹ ਗੱਲ ਦੱਸਦੇ ਹਨ ਕਿ = ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ, ਇਉਂ ਮਿਥ ਲਵੋ ਕਿ ਉਸ ਨੇ ਸਾਰੇ ਹੀ ਧਾਰਮਿਕ ਕੰਮ ਕਰ ਲਏ।2।
ਹੇ ਨਾਨਕ! (ਆਖ– ਹੇ ਭਾਈ! ਜਿਹੜਾ) ਮਨੁੱਖ ਦਿਨ ਰਾਤ ਵਿਚ ਅੱਖ ਦੇ ਇਕ ਫੋਰ ਲਈ ਭੀ ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਂਦਾ ਹੈ, ਉਹ ਮਨੁੱਖ ਆਪਣਾ (ਮਨੁੱਖਾ) ਜਨਮ ਸਫਲ ਕਰ ਲੈਂਦਾ ਹੈ, ਉੇਸ ਮਨੁੱਖ ਦੇ ਦਿਲ ਵਿਚੋਂ ਮੌਤ ਦਾ ਸਹਿਮ ਦੂਰ ਹੋ ਜਾਂਦਾ ਹੈ।3।2।

