ਜੈਜਾਵੰਤੀ ਮਹਲਾ ੯ ॥
ਰਾਮੁ ਭਜੁ ਰਾਮੁ ਭਜੁ ਜਨਮੁ ਸਿਰਾਤੁ ਹੈ ॥ ਕਹਉ ਕਹਾ ਬਾਰ ਬਾਰ ਸਮਝਤ ਨਹ ਕਿਉ ਗਵਾਰ ॥ ਬਿਨਸਤ ਨਹ ਲਗੈ ਬਾਰ ਓਰੇ ਸਮ ਗਾਤੁ ਹੈ ॥੧॥ ਰਹਾਉ ॥ ਸਗਲ ਭਰਮ ਡਾਰਿ ਦੇਹਿ ਗੋਬਿੰਦ ਕੋ ਨਾਮੁ ਲੇਹਿ ॥ ਅੰਤਿ ਬਾਰ ਸੰਗਿ ਤੇਰੈ ਇਹੈ ਏਕੁ ਜਾਤੁ ਹੈ ॥੧॥ ਬਿਖਿਆ ਬਿਖੁ ਜਿਉ ਬਿਸਾਰਿ ਪ੍ਰਭ ਕੌ ਜਸੁ ਹੀਏ ਧਾਰਿ ॥ ਨਾਨਕ ਜਨ ਕਹਿ ਪੁਕਾਰਿ ਅਉਸਰੁ ਬਿਹਾਤੁ ਹੈ ॥੨॥੨॥ {ਪੰਨਾ 1352}
ਅਰਥ: ਹੇ ਭਾਈ! ਪਰਮਾਤਮਾ ਦਾ ਭਜਨ ਕਰਿਆ ਕਰ, ਪਰਮਾਤਮਾ ਦਾ ਭਜਨ ਕਰਿਆ ਕਰ। ਮਨੁੱਖਾ ਜਨਮ ਲੰਘਦਾ ਜਾ ਰਿਹਾ ਹੈ। ਹੇ ਮੂਰਖ! ਮੈਂ (ਤੈਨੂੰ) ਮੁੜ ਮੁੜ ਕੀਹ ਆਖਾਂ? ਤੂੰ ਕਿਉਂ ਨਹੀਂ ਸਮਝਦਾ? (ਤੇਰਾ ਇਹ) ਸਰੀਰ (ਨਾਸ ਹੋਣ ਵਿਚ) ਗੜੇ ਵਰਗਾ ਹੀ ਹੈ (ਇਸ ਦੇ) ਨਾਸ ਹੁੰਦਿਆਂ ਚਿਰ ਨਹੀਂ ਲੱਗਦਾ।1। ਰਹਾਉ।
ਹੇ ਭਾਈ! ਸਾਰੀਆਂ ਭਟਕਣਾਂ ਛੱਡ ਦੇਹ, ਪਰਮਾਤਮਾ ਦਾ ਨਾਮ ਜਪਿਆ ਕਰ। ਅੰਤਲੇ ਸਮੇ ਤੇਰੇ ਨਾਲ ਸਿਰਫ਼ ਇਹ ਨਾਮ ਹੀ ਜਾਣ ਵਾਲਾ ਹੈ।1।
ਹੇ ਭਾਈ! ਮਾਇਆ (ਦਾ ਮੋਹ ਆਪਣੇ ਅੰਦਰੋਂ) ਜ਼ਹਿਰ ਵਾਂਗ ਭੁਲਾ ਦੇਹ। ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੇ) ਹਿਰਦੇ ਵਿਚ ਵਸਾਈ ਰੱਖ। ਦਾਸ ਨਾਨਕ (ਤੈਨੂੰ) ਕੂਕ ਕੂਕ ਕੇ ਆਖ ਰਿਹਾ ਹੈ, (ਮਨੁੱਖਾ ਜ਼ਿੰਦਗੀ ਦਾ ਸਮਾ) ਬੀਤਦਾ ਜਾ ਰਿਹਾ ਹੈ।2। 2।

