ਬਸੰਤੁ ਮਹਲਾ ੯ ॥
ਪਾਪੀ ਹੀਐ ਮੈ ਕਾਮੁ ਬਸਾਇ ॥ ਮਨੁ ਚੰਚਲੁ ਯਾ ਤੇ ਗਹਿਓ ਨ ਜਾਇ ॥੧॥ ਰਹਾਉ ॥ ਜੋਗੀ ਜੰਗਮ ਅਰੁ ਸੰਨਿਆਸ ॥ ਸਭ ਹੀ ਪਰਿ ਡਾਰੀ ਇਹ ਫਾਸ ॥੧॥ ਜਿਹਿ ਜਿਹਿ ਹਰਿ ਕੋ ਨਾਮੁ ਸਮ੍ਹ੍ਹਾਰਿ ॥ ਤੇ ਭਵ ਸਾਗਰ ਉਤਰੇ ਪਾਰਿ ॥੨॥ ਜਨ ਨਾਨਕ ਹਰਿ ਕੀ ਸਰਨਾਇ ॥ ਦੀਜੈ ਨਾਮੁ ਰਹੈ ਗੁਨ ਗਾਇ ॥੩॥੨॥ {ਪੰਨਾ 1186}
ਅਰਥ: ਹੇ ਭਾਈ! ਪਾਪਾਂ ਵਿਚ ਫਸਾਣ ਵਾਲੀ ਕਾਮ-ਵਾਸਨਾ (ਮਨੁੱਖ ਦੇ) ਹਿਰਦੇ ਵਿਚ ਟਿਕੀ ਰਹਿੰਦੀ ਹੈ, ਇਸ ਵਾਸਤੇ (ਮਨੁੱਖ ਦਾ) ਚੰਚਲ ਮਨ ਕਾਬੂ ਵਿਚ ਨਹੀਂ ਆ ਸਕਦਾ।1। ਰਹਾਉ।
ਹੇ ਭਾਈ! ਜੋਗੀ ਜੰਗਮ ਅਤੇ ਸੰਨਿਆਸੀ (ਜਿਹੜੇ ਆਪਣੇ ਵੱਲੋਂ ਮਾਇਆ ਦਾ) ਤਿਆਗ ਕਰ ਗਏ ਹਨ) = ਇਹਨਾਂ ਸਭਨਾਂ ਉੱਤੇ ਹੀ (ਮਾਇਆ ਨੇ ਕਾਮ-ਵਾਸ਼ਨਾ ਦੀ) ਇਹ ਫਾਹੀ ਸੁੱਟੀ ਹੋਈ ਹੈ।1।
ਹੇ ਭਾਈ! ਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ, ਉਹ ਸਾਰੇ ਸੰਸਾਰ-ਸਮੁੰਦਰ (ਦੇ ਵਿਕਾਰਾਂ) ਤੋਂ ਪਾਰ ਲੰਘ ਜਾਂਦੇ ਹਨ।2।
ਹੇ ਨਾਨਕ! ਪਰਮਾਤਮਾ ਦਾ ਦਾਸ ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹੈ (ਪਰਮਾਤਮਾ ਦੇ ਦਰ ਤੇ ਉਹ ਅਰਜ਼ੋਈ ਕਰਦਾ ਰਹਿੰਦਾ ਹੈ– ਹੇ ਪ੍ਰਭੂ! ਆਪਣੇ ਦਾਸ ਨੂੰ ਆਪਣਾ) ਨਾਮ ਦੇਹ (ਤਾ ਕਿ ਤੇਰਾ ਦਾਸ ਤੇਰੇ) ਗੁਣ ਗਾਂਦਾ ਰਹੇ (ਇਸ ਤਰ੍ਹਾਂ ਉਹ ਕਾਮਾਦਿਕ ਵਿਕਾਰਾਂ ਦੀ ਮਾਰ ਤੋਂ ਬਚਿਆ ਰਹਿੰਦਾ ਹੈ) ।3।2।

