Nar achet Paap Te Dar Re – 5-8-25

ਗਉੜੀ ਮਹਲਾ ੯ ॥
ਨਰ ਅਚੇਤ ਪਾਪ ਤੇ ਡਰੁ ਰੇ ॥ ਦੀਨ ਦਇਆਲ ਸਗਲ ਭੈ ਭੰਜਨ ਸਰਨਿ ਤਾਹਿ ਤੁਮ ਪਰੁ ਰੇ ॥੧॥ ਰਹਾਉ ॥ ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰੁ ਰੇ ॥ ਪਾਵਨ ਨਾਮੁ ਜਗਤਿ ਮੈ ਹਰਿ ਕੋ ਸਿਮਰਿ ਸਿਮਰਿ ਕਸਮਲ ਸਭ ਹਰੁ ਰੇ ॥੧॥ ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥ ਨਾਨਕ ਕਹਤ ਗਾਇ ਕਰੁਨਾ ਮੈ ਭਵ ਸਾਗਰ ਕੈ ਪਾਰਿ ਉਤਰੁ ਰੇ ॥੨॥੯॥੨੫੧॥ {ਪੰਨਾ 220}

ਅਰਥ: ਹੇ ਗ਼ਾਫ਼ਿਲ ਮਨੁੱਖ! ਪਾਪਾਂ ਤੋਂ ਬਚਿਆ ਰਹੁ, (ਤੇ ਇਹਨਾਂ ਪਾਪਾਂ ਤੋਂ ਬਚਣ ਵਾਸਤੇ ਉਸ) ਪਰਮਾਤਮਾ ਦੀ ਸਰਨ ਪਿਆ ਰਹੁ, ਜੋ ਗ਼ਰੀਬਾਂ ਤੇ ਦਇਆ ਕਰਨ ਵਾਲਾ ਹੈ ਤੇ ਸਾਰੇ ਡਰ ਦੂਰ ਕਰਨ ਵਾਲਾ ਹੈ।1। ਰਹਾਉ।

(ਹੇ ਗ਼ਾਫ਼ਿਲ ਮਨੁੱਖ!) ਉਸ ਪਰਮਾਤਮਾ ਦਾ ਨਾਮ ਆਪਣੇ ਨਾਮ ਹਿਰਦੇ ਵਿਚ ਪ੍ਰੋ ਰੱਖ, ਜਿਸ ਦੇ ਗੁਣ ਵੇਦ-ਪੁਰਾਣ (ਆਦਿਕ ਧਰਮ-ਪੁਸਤਕ) ਗਾ ਰਹੇ ਹਨ। (ਹੇ ਗ਼ਾਫ਼ਲ ਮਨੁੱਖ! ਪਾਪਾਂ ਤੋਂ ਬਚਾ ਕੇ) ਪਵਿੱਤ੍ਰ ਕਰਨ ਵਾਲਾ ਜਗਤ ਵਿਚ ਪਰਮਾਤਮਾ ਦਾ ਨਾਮ (ਹੀ) ਹੈ, ਤੂੰ ਉਸ ਪਰਮਾਤਮਾ ਨੂੰ ਸਿਮਰ ਸਿਮਰ ਕੇ (ਆਪਣੇ ਅੰਦਰੋਂ) ਸਾਰੇ ਪਾਪ ਦੂਰ ਕਰ ਲੈ।

(ਹੇ ਗ਼ਾਫ਼ਿਲ ਮਨੁੱਖ) ਤੂੰ ਇਹ ਮਨੁੱਖਾ ਸਰੀਰ ਫਿਰ ਕਦੇ ਨਹੀਂ ਲੱਭ ਸਕੇਂਗਾ (ਇਸ ਨੂੰ ਕਿਉਂ ਪਾਪਾਂ ਵਿਚ ਲੱਗ ਕੇ ਗਵਾ ਰਿਹਾ ਹੈਂ? ਇਹੀ ਵੇਲਾ ਹੈ। ਇਹਨਾਂ ਪਾਪਾਂ ਤੋਂ) ਖ਼ਲਾਸੀ ਪ੍ਰਾਪਤ ਕਰਨ ਦਾ ਕੋਈ ਇਲਾਜ ਕਰ ਲੈ। ਤੈਨੂੰ ਨਾਨਕ ਆਖਦਾ ਹੈ– ਤਰਸ-ਰੂਪ ਪਰਮਾਤਮਾ ਦੇ ਗੁਣ ਗਾ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ।2।9। 251।