ਸਾਰੰਗ ਮਹਲਾ ੯ ॥
ਕਹਾ ਮਨ ਬਿਖਿਆ ਸਿਉ ਲਪਟਾਹੀ ॥ ਯਾ ਜਗ ਮਹਿ ਕੋਊ ਰਹਨੁ ਨ ਪਾਵੈ ਇਕਿ ਆਵਹਿ ਇਕਿ ਜਾਹੀ ॥੧॥ ਰਹਾਉ ॥ ਕਾਂ ਕੋ ਤਨੁ ਧਨੁ ਸੰਪਤਿ ਕਾਂ ਕੀ ਕਾ ਸਿਉ ਨੇਹੁ ਲਗਾਹੀ ॥ ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ ॥੧॥ ਤਜਿ ਅਭਿਮਾਨੁ ਸਰਣਿ ਸੰਤਨ ਗਹੁ ਮੁਕਤਿ ਹੋਹਿ ਛਿਨ ਮਾਹੀ ॥ ਜਨ ਨਾਨਕ ਭਗਵੰਤ ਭਜਨ ਬਿਨੁ ਸੁਖੁ ਸੁਪਨੈ ਭੀ ਨਾਹੀ ॥੨॥੨॥ {ਪੰਨਾ 1231}
ਅਰਥ: ਹੇ ਮਨ! ਤੂੰ ਕਿਉਂ ਮਾਇਆ ਨਾਲ (ਹੀ) ਚੰਬੜਿਆ ਰਹਿੰਦਾ ਹੈ? (ਵੇਖ) ਇਸ ਦੁਨੀਆ ਵਿਚ (ਸਦਾ ਲਈ) ਕੋਈ ਭੀ ਟਿਕਿਆ ਨਹੀਂ ਰਹਿ ਸਕਦਾ। ਅਨੇਕਾਂ ਜੰਮਦੇ ਰਹਿੰਦੇ ਹਨ, ਅਨੇਕਾਂ ਹੀ ਮਰਦੇ ਰਹਿੰਦੇ ਹਨ।1। ਰਹਾਉ।
ਹੇ ਮਨ! (ਵੇਖ) ਸਦਾ ਲਈ ਨਾਹ ਕਿਸੇ ਦਾ ਸਰੀਰ ਰਹਿੰਦਾ ਹੈ, ਨਾਹ ਧਨ ਰਹਿੰਦਾ ਹੈ, ਨਾਹ ਮਾਇਆ ਰਹਿੰਦੀ ਹੈ। ਤੂੰ ਕਿਸ ਨਾਲ ਪਿਆਰ ਬਣਾਈ ਬੈਠਾ ਹੈਂ? ਜਿਵੇਂ ਬੱਦਲਾਂ ਦੀ ਛਾਂ ਹੈ, ਤਿਵੇਂ ਜੋ ਕੁਝ ਦਿੱਸ ਰਿਹਾ ਹੈ ਸਭ ਨਾਸਵੰਤ ਹੈ।1।
ਹੇ ਮਨ! ਅਹੰਕਾਰ ਛੱਡ, ਤੇ, ਸੰਤ ਜਨਾ ਦੀ ਸਰਨ ਫੜ। (ਇਸ ਤਰ੍ਹਾਂ) ਇਕ ਛਿਨ ਵਿਚ ਤੂੰ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋ ਜਾਹਿਂਗਾ। ਹੇ ਦਾਸ ਨਾਨਕ! (ਆਖ– ਹੇ ਮਨ!) ਪਰਮਾਤਮਾ ਦੇ ਭਜਨ ਤੋਂ ਬਿਨਾ ਕਦੇ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ।2। 2।

