Kaha Bhulyo Re Jhoothe Lobh Laag – 16-9-25

ਬਸੰਤੁ ਮਹਲਾ ੯ ॥
ਕਹਾ ਭੂਲਿਓ ਰੇ ਝੂਠੇ ਲੋਭ ਲਾਗ ॥ ਕਛੁ ਬਿਗਰਿਓ ਨਾਹਿਨ ਅਜਹੁ ਜਾਗ ॥੧॥ ਰਹਾਉ ॥ ਸਮ ਸੁਪਨੈ ਕੈ ਇਹੁ ਜਗੁ ਜਾਨੁ ॥ ਬਿਨਸੈ ਛਿਨ ਮੈ ਸਾਚੀ ਮਾਨੁ ॥੧॥ ਸੰਗਿ ਤੇਰੈ ਹਰਿ ਬਸਤ ਨੀਤ ॥ ਨਿਸ ਬਾਸੁਰ ਭਜੁ ਤਾਹਿ ਮੀਤ ॥੨॥ ਬਾਰ ਅੰਤ ਕੀ ਹੋਇ ਸਹਾਇ ॥ ਕਹੁ ਨਾਨਕ ਗੁਨ ਤਾ ਕੇ ਗਾਇ ॥੩॥੫॥ {ਪੰਨਾ 1187}

ਅਰਥ: ਹੇ ਭਾਈ! ਨਾਸਵੰਤ ਦੁਨੀਆ ਦੇ ਲੋਭ ਵਿਚ ਫਸ ਕੇ (ਹਰਿ-ਨਾਮ ਤੋਂ) ਕਿੱਥੇ ਖੁੰਝਿਆ ਫਿਰਦਾ ਹੈਂ? ਹੁਣ ਹੀ ਸਿਆਣਾ ਬਣ, (ਤੇ, ਪਰਮਾਤਮਾ ਦਾ ਨਾਮ ਜਪਿਆ ਕਰ। ਜੇ ਬਾਕੀ ਦੀ ਉਮਰ ਸਿਮਰਨ ਵਿਚ ਗੁਜ਼ਾਰੇਂ, ਤਾਂ ਭੀ ਤੇਰਾ) ਕੁਝ ਵਿਗੜਿਆ ਨਹੀਂ।1। ਰਹਾਉ।

ਹੇ ਭਾਈ! ਇਸ ਜਗਤ ਨੂੰ ਸੁਪਨੇ (ਵਿਚ ਵੇਖੇ ਪਦਾਰਥਾਂ) ਦੇ ਬਰਾਬਰ ਸਮਝ। ਇਹ ਗੱਲ ਸੱਚੀ ਮੰਨ ਕਿ (ਇਹ ਜਗਤ) ਇਕ ਛਿਨ ਵਿਚ ਨਾਸ ਹੋ ਜਾਂਦਾ ਹੈ।1।

ਹੇ ਮਿੱਤਰ! ਪਰਮਾਤਮਾ ਸਦਾ ਤੇਰੇ ਨਾਲ ਵੱਸਦਾ ਹੈ। ਤੂੰ ਦਿਨ ਰਾਤ ਉਸ ਦਾ ਹੀ ਭਜਨ ਕਰਿਆ ਕਰ।2।

ਹੇ ਨਾਨਕ! ਆਖ– (ਹੇ ਭਾਈ!) ਅਖ਼ੀਰਲੇ ਸਮੇ ਪਰਮਾਤਮਾ ਹੀ ਮਦਦਗਾਰ ਬਣਦਾ ਹੈ। ਤੂੰ (ਸਦਾ) ਉਸ ਦੇ ਗੁਣ ਗਾਇਆ ਕਰ।3।5।