Jagat Meh Jhoothi Dekhi Preet – 9-8-25

ਦੇਵਗੰਧਾਰੀ ਮਹਲਾ ੯ ॥
ਜਗਤ ਮੈ ਝੂਠੀ ਦੇਖੀ ਪ੍ਰੀਤਿ ॥ ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ॥੧॥ ਰਹਾਉ ॥ ਮੇਰਉ ਮੇਰਉ ਸਭੈ ਕਹਤ ਹੈ ਹਿਤ ਸਿਉ ਬਾਧਿਓ ਚੀਤ ॥ ਅੰਤਿ ਕਾਲਿ ਸੰਗੀ ਨਹ ਕੋਊ ਇਹ ਅਚਰਜ ਹੈ ਰੀਤਿ ॥੧॥ ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ ॥ ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ ॥੨॥੩॥੬॥੩੮॥੪੭॥ {ਪੰਨਾ 536}

ਅਰਥ: ਹੇ ਭਾਈ! ਦੁਨੀਆ ਵਿਚ (ਸਨਬੰਧੀਆਂ ਦਾ) ਪਿਆਰ ਮੈਂ ਝੂਠਾ ਹੀ ਵੇਖਿਆ ਹੈ। ਚਾਹੇ ਇਸਤ੍ਰੀ ਹੈ ਚਾਹੇ ਮਿੱਤਰ ਹਨ-ਸਾਰੇ ਆਪੋ ਆਪਣੇ ਸੁਖ ਦੀ ਖ਼ਾਤਰ ਹੀ (ਮਨੁੱਖ ਦੇ) ਨਾਲ ਤੁਰੇ ਫਿਰਦੇ ਹਨ।੧।ਰਹਾਉ।

ਹੇ ਭਾਈ! ਸਭਨਾਂ ਦਾ) ਚਿੱਤ ਮੋਹ ਨਾਲ ਬੱਝਾ ਹੁੰਦਾ ਹੈ (ਉਸ ਮੋਹ ਦੇ ਕਾਰਨ) ਹਰ ਕੋਈ ਇਹੀ ਆਖਦਾ ਹੈ ‘ਇਹ ਮੇਰਾ ਹੈ, ਇਹ ਮੇਰਾ ਹੈ’। ਪਰ ਅਖ਼ੀਰਲੇ ਵੇਲੇ ਕੋਈ ਭੀ ਸਾਥੀ ਨਹੀਂ ਬਣਦਾ। (ਜਗਤ ਦੀ) ਇਹ ਅਚਰਜ ਮਰਯਾਦਾ ਚਲੀ ਆ ਰਹੀ ਹੈ।੧।

ਹੇ ਮੂਰਖ ਮਨ! ਤੈਨੂੰ ਮੈਂ ਸਦਾ ਸਿੱਖਿਆ ਦੇ ਦੇ ਕੇ ਥੱਕ ਗਿਆ ਹਾਂ, ਤੂੰ ਅਜੇ ਭੀ ਅਕਲ ਨਹੀਂ ਕਰਦਾ। ਹੇ ਨਾਨਕ! ਆਖ-ਹੇ ਭਾਈ!) ਜਦੋਂ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ, ਤਦੋਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।੨।੩।੬।੩੮।੪੭।