Jag Jhoothe kau Saach Jaan Kai Ta Sio Ruch Upjai – 30-8-25

ਟੋਡੀ ਮਹਲਾ ੯ ੴ ਸਤਿਗੁਰ ਪ੍ਰਸਾਦਿ ॥
ਕਹਉ ਕਹਾ ਅਪਨੀ ਅਧਮਾਈ ॥ ਉਰਝਿਓ ਕਨਕ ਕਾਮਨੀ ਕੇ ਰਸ ਨਹ ਕੀਰਤਿ ਪ੍ਰਭ ਗਾਈ ॥੧॥ ਰਹਾਉ ॥ ਜਗ ਝੂਠੇ ਕਉ ਸਾਚੁ ਜਾਨਿ ਕੈ ਤਾ ਸਿਉ ਰੁਚ ਉਪਜਾਈ ॥ ਦੀਨ ਬੰਧ ਸਿਮਰਿਓ ਨਹੀ ਕਬਹੂ ਹੋਤ ਜੁ ਸੰਗਿ ਸਹਾਈ ॥੧॥ ਮਗਨ ਰਹਿਓ ਮਾਇਆ ਮੈ ਨਿਸ ਦਿਨਿ ਛੁਟੀ ਨ ਮਨ ਕੀ ਕਾਈ ॥ ਕਹਿ ਨਾਨਕ ਅਬ ਨਾਹਿ ਅਨਤ ਗਤਿ ਬਿਨੁ ਹਰਿ ਕੀ ਸਰਨਾਈ ॥੨॥੧॥੩੧॥ {ਪੰਨਾ 718}

ਅਰਥ: ਹੇ ਭਾਈ! ਮੈਂ ਆਪਣੀ ਨੀਚਤਾ ਕਿਤਨੀ ਕੁ ਬਿਆਨ ਕਰਾਂ? ਮੈਂ (ਕਦੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਕੀਤੀ, (ਮੇਰਾ ਮਨ) ਧਨ-ਪਦਾਰਥ ਅਤੇ ਇਸਤ੍ਰੀ ਦੇ ਰਸਾਂ ਵਿਚ ਹੀ ਫਸਿਆ ਰਹਿੰਦਾ ਹੈ।੧।ਰਹਾਉ।

ਹੇ ਭਾਈ! ਇਸ ਨਾਸਵੰਤ ਸੰਸਾਰ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਕੇ ਮੈਂ ਇਸ ਸੰਸਾਰ ਨਾਲ ਹੀ ਪ੍ਰੀਤਿ ਬਣਾਈ ਹੋਈ ਹੈ। ਮੈਂ ਉਸ ਪਰਮਾਤਮਾ ਦਾ ਨਾਮ ਕਦੇ ਨਹੀਂ ਸਿਮਰਿਆ ਜੋ ਨਿਮਾਣਿਆਂ ਦਾ ਰਿਸ਼ਤੇਦਾਰ ਹੈ, ਅਤੇ ਜੇਹੜਾ (ਸਦਾ ਸਾਡੇ) ਨਾਲ ਮਦਦਗਾਰ ਹੈ।੧।

ਹੇ ਭਾਈ! ਮੈਂ ਰਾਤ ਦਿਨ ਮਾਇਆ (ਦੇ ਮੋਹ) ਵਿਚ ਮਸਤ ਰਿਹਾ ਹਾਂ, (ਇਸ ਤਰ੍ਹਾਂ ਮੇਰੇ) ਮਨ ਦੀ ਮੈਲ ਦੂਰ ਨਹੀਂ ਹੋ ਸਕੀ। ਹੇ ਨਾਨਕ! ਆਖ-ਹੁਣ (ਜਦੋਂ ਮੈਂ ਗੁਰੂ ਦੀ ਸਰਨ ਪਿਆ ਹਾਂ, ਤਾਂ ਮੈਨੂੰ ਸਮਝ ਆਈ ਹੈ ਕਿ) ਪ੍ਰਭੂ ਦੀ ਸਰਣ ਪੈਣ ਤੋਂ ਬਿਨਾ ਕਿਸੇ ਭੀ ਹੋਰ ਥਾਂ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ।੨।੧।੩੧।