ਗੁਰਦੁਆਰਾ ਦਮਦਮਾ ਸਾਹਿਬ (ਆਨੰਦਪੁਰ)
ਸਸਕਾਰ ਹੋ ਜਾਣ ਉਪਰੰਤ ਗੁਰੂ ਤੇਗ਼ ਬਹਾਦਰ ਜੀ ਦੇ ਨਮਿਤ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰਖਿਆ ਗਿਆ (ਗੁਰੂ ਕੀਆਂ ਸਾਖੀਆਂ, ਪੰਨਾ ੮੬)। ਜਿਸ ਥਾਂ ਤੇ ਪਾਠ ਰਖਿਆ ਗਿਆ ਉਥੇ ਹੁਣ ਅੱਠ ਪਹਿਲੂਆਂ ਅਤੇ ਚਿੱਟੇ ਗੁੰਬਦ ਵਾਲਾ ਛੋਟਾ ਜਿਹਾ ਗੁਰਦੁਆਰਾ ਹੈ, ਜਿਸ ਨੂੰ ਦਮਦਮਾ ਸਾਹਿਬ ਕਹਿੰਦੇ ਹਨ। ਇਸੇ ਅਸਥਾਨ ਤੇ ਗੁਰੂ ਤੇਗ਼ ਬਹਾਦਰ ਜੀ ਦਾ ਨਿਵਾਸ ਅਸਥਾਨ (ਘਰ) ਹੋਇਆ ਕਰਦਾ ਸੀ ਜਿਸ ਨੂੰ ਗੁਰੂ ਕੇ ਮਹਿਲ ਕਿਹਾ ਜਾਂਦਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਉਪਰੰਤ ਭਾਈ ਚਉਪਤ ਰਾਇ (ਗੁਰੂ ਕੀਆਂ ਸਾਖੀਆਂ) ਨੇ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ (ਸ਼ਲੋਕ ਨਾਮੇਂ ਮਹਲੋ ਕੇ) ਦਾ ਪਾਠ ਕੀਤਾ। ਅਰਦਾਸ ਉਪਰੰਤ ਤ੍ਰਿਹਾਵਲ ਪ੍ਰਸ਼ਾਦਿ (ਦੇਗ਼) ਵਰਤਾਈ ਗਈ। ਮਾਤਾ ਨਾਨਕੀ (ਦਾਦੀ ਗੁਰੂ ਗੋਬਿੰਦ ਰਾਇ) ਨੇ ਦੀਵਾਨ ਦਰਗਾਹ ਮੱਲ ਨੂੰ ਦਸਤਾਰ ਬੰਦੀ ਦੀ ਰਸਮ ਅਦਾ ਕਰਨ ਲਈ ਕਿਹਾ। ਪਹਿਲੀ ਪਗੜੀ ਮਾਤਾ ਸੁਲੱਖਣੀ (ਮਾਤਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ) ਵਲੋਂ ਭੇਂਟ ਕੀਤੀ ਗਈ। ਜਿਸ ਥੜ੍ਹੇ ਤੇ ਗੁਰੂ ਗੋਬਿੰਦ ਰਾਇ (ਸਿੰਘ) ਦੀ ਦਸਤਾਰ ਬੰਦੀ ਕੀਤੀ ਗਈ, ਉਹ ਥੜ੍ਹਾ ਅਜੇ ਵੀ ਕਾਇਮ ਹੈ। ਕਸ਼ਮੀਰੀ ਪੰਡਤ ਵੀ ਫ਼ਰਿਆਦ ਲੈ ਕੇ ਗੁਰੂ ਤੇਗ਼ ਬਹਾਦਰ ਜੀ ਨੂੰ ਇਸੇ ਅਸਥਾਨ ਤੇ (25 ਮਈ, 1675 ਈ. ਨੂੰ) ਆ ਕੇ ਮਿਲੇ ਸਨ। ਗੁਰਗੱਦੀ ਦੀ ਰਸਮ ਬਾਬਾ ਬੁੱਢਾ ਜੀ ਦੇ ਸਭ ਤੋਂ ਛੋਟੇ ਸਪੁੱਤਰ ਭਾਈ ਰਾਮ ਨੇ ਅਦਾ ਕੀਤੀ।
ਲੱਖੀ ਸ਼ਾਹ ਵਣਜਾਰੇ ਦਾ ਅਨੰਦਪੁਰ ਪਹੁੰਚਣਾ
ਕੁਝ ਦਿਨਾਂ ਮਗਰੋਂ ਲੱਖੀ ਸ਼ਾਹ ਵਣਜਾਰਾ (ਬੇਟਾ ਗੋਧੂ ਕਾ) ਆਪਣੇ ਪੁੱਤਰਾਂ ਨਗਾਹੀਆ, ਹੇਮਾ, ਹਾੜੀ ਅਤੇ ਦਿੱਲੀ ਦੀ ਸੰਗਤ ਦੇ ਕੁਝ ਮੁਖੀ ਸਿੱਖਾਂ ਨੂੰ ਨਾਲ ਲੈ ਤੇਗ ਬਹਾਦਰ ਜੀ ਦੀਆਂ ਅਸਥੀਆਂ ਸਮੇਤ ਆਨੰਦਪੁਰ ਸਾਹਿਬ ਪਹੁੰਚਿਆ।
ਉਸ ਨੇ ਗੁਰੂ ਗੋਬਿੰਦ (ਸਿੰਘ) ਜੀ ਨੂੰ ਉਹ ਸਾਰਾ ਬ੍ਰਿਤਾਂਤ ਸੁਣਾਇਆ ਜੋ ਕੁਝ ਦਿੱਲੀ ਵਿਚ ਵਾਪਰਿਆ ਸੀ ਅਤੇ ਇਹ ਵੀ ਦਸਿਆ ਕਿ ਚਾਂਦਨੀ ਚੌਕ ਤੋਂ ਧੜ ਚੁਕਣ ਵੇਲੇ ਉਸ ਦੇ ਨਾਲ ਉਸ ਦੇ ਆਪਣੇ ਪੁੱਤਰਾਂ ਤੋਂ ਇਲਾਵਾ ਭਾਈ ਕਾਹਨੇ ਦਾ ਬੇਟਾ (ਨਾਇਕ ਧੂਮਾਂ) ਵੀ ਸ਼ਾਮਲ ਸੀ। ਜਿਸ ਥਾਂ ਤੇ (ਰਾਇਸੀਨਾ) ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸਸਕਾਰ ਕੀਤਾ ਗਿਆ ਉਥੇ ਹੁਣ ਗੁਰਦੁਆਰਾ ਰਕਾਬਗੰਜ (ਦਿੱਲੀ) ਸੁਭਾਇਮਾਨ ਹੈ। ਗੁਰਦੁਆਰਾ ਸਾਹਿਬ ਦੀ ਪੂਰੀ ਇਮਾਰਤ ਚਿੱਟੇ ਸੰਗਮਰਮਰ ਦੀ ਬਣੀ ਹੋਈ ਹੈ। ਉਚੇ ਥੜੇ ਦੇ ਚਵਾਂ ਪਾਸਿਆਂ (ਕੋਨਿਆਂ) ਉਪਰ ਚਿੱਟੀਆਂ ਛਤਰੀਆਂ (ਗੁੰਬਦ) ਹਨ। ਸਸਕਾਰ ਵਾਲੀ ਥਾਂ ਤੇ ਸੰਗਮਰਮਰ ਦੀ ਬਹੁਤ ਖੂਬਸੂਰਤ ਪਾਲਕੀ ਹੈ ਜਿਸ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ।” ਜਿਥੇ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਉਥੇ ਗੁਰਦੁਆਰਾ ਸੀਸ ਗੰਜ (ਚਾਂਦਨੀ ਚੌਕ) ਦਿੱਲੀ ਸ਼ਸ਼ੋਭਿਤ ਹੈ।
ਆਨੰਦਪੁਰ ਸਾਹਿਬ ਵਿਖੇ ਗੁਰੂ ਤੇਗ਼ ਬਹਾਦਰ ਜੀ ਦੀਆਂ ਅਸਥੀਆਂ ਪਹੁੰਚਣ ਤੇ ਸੰਗਤਾਂ ਇਕ ਵਾਰ ਫਿਰ ਵੈਰਾਗ ਵਿਚ ਆ ਗਈਆਂ। ਗੁਰੂ (ਗੋਬਿੰਦ ਸਿੰਘ) ਜੀ ਨੇ ਸਭ ਨੂੰ ਧੀਰਜ ਦਿਤਾ। ਸ਼ਬਦ ਕੀਰਤਨ ਕਰਦਿਆਂ ਅਤੇ ਧੰਨ ਗੁਰੂ ਤੇਗ਼ ਬਹਾਦਰ, ਧੰਨ ਗੁਰੂ ਤੇਗ਼ ਬਹਾਦਰ ਜੀ ਦਾ ਉਚਾਰਨ ਕਰਦਿਆਂ ਪਵਿੱਤਰ ਅਸਥੀਆਂ ਨੂੰ ਦਰਿਆ ਸਤਲੁਜ ਵਿਚ ਪ੍ਰਵਾਹ ਦਿਤਾ ਗਿਆ।

