Guru Teg Bahadar Ji Da Sees Anandpur Sahib Kive Pujya – 21-11-25

੧੧ ਨਵੰਬਰ ਸੰਨ ੧੬੭੫ ਨੂੰ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹੀਦ ਕੀਤਾ ਗਿਆ ਤਾਂ ਹਰ ਪਾਸੇ ਡਰ ਅਤੇ ਸਹਿਮ ਦੀ ਲਹਿਰ ਦੌੜ ਗਈ। ਇਸ ਤੋਂ ਪਹਿਲਾਂ ਅਨੰਦਪੁਰ ਤੋਂ ਗੁਰੂ ਜੀ ਨਾਲ ਆਏ ਤਿੰਨ ਸਾਥੀਆਂ ਨੂੰ ਬੜੀ ਬੇਰਹਿਮੀ ਨਾਲ ਸ਼ਹੀਦ ਕੀਤਾ ਜਾ ਚੁਕਾ ਸੀ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ ਕੇ, ਭਾਈ ਦਿਆਲ ਦਾਸ ਨੂੰ ਉਬਲਦੀ ਦੇਗ਼ ਵਿਚ ਬਿਠਾ ਕੇ ਅਤੇ ਭਾਈ ਸਤੀਦਾਸ ਨੂੰ ਰੂੰ ਵਿਚ ਵਟ ਕੇ ਅੱਗ ਲਗਾ ਕੇ ਜੀਊਂਦੇ ਹੀ ਸਾੜ ਦਿੱਤਾ ਗਿਆ ਸੀ। ਭੱਟ ਵਹੀ ਤਲੌਦਾ ਅਤੇ ਭੱਟ ਵਹੀ ਮੁਲਤਾਨੀ ਸਿੰਧੀ ਅਨੁਸਾਰ, ਦਿਆਲ ਦਾਸ ਬੇਟਾ ਮਾਈਦਾਸ, ਪੋਤਾ ਬਲੂ ਕਾ, ਪੜਪੋਤਾ ਮੂਲੇ ਕਾ, ਸਤੀਦਾਸ, ਮਤੀਦਾਸ ਬੇਟੇ ਹੀਰਾ ਮੱਲ (ਛਿੱਬਰ ਬ੍ਰਾਹਮਨ), ਸਾਲ ਸਤਰੈ ਸੈ ਬਤੀਸ, ਮੰਘਰ ਸੁਦੀ ਪਚੰਮੀ ਕੋ ਦਿੱਲੀ, ਚਾਂਦਨੀ ਚੌਕ ਮੇ, ਸ਼ਾਹੀ ਹੁਕਮ ਸੇ, ਸ਼ਹੀਦ ਕੀਏ ਗਏ।

ਸ਼ਾਹੀ ਕਹਿਰ ਆਪਣੇ ਸਿਖਰ ਤੇ ਸੀ, ਪਰ ਮਨੁੱਖੀ ਅਧਿਕਾਰਾਂ ਦੀ ਰਖਿਆ ਅਤੇ ਮਨੁੱਖ ਮਾਤਰ ਲਈ ਧਰਮ ਦੀ ਆਜ਼ਾਦੀ ਮੰਗਣ ਵਾਲਾ ਮਸੀਹਾ ਆਉਣ ਵਾਲੇ ਯੁੱਗ ਲਈ ਨਵੇਂ ਪੂਰਨੇ ਪਾ ਕੇ ਸ਼ਹਾਦਤ ਦਾ ਜਾਮ ਪੀ ਚੁੱਕਾ ਸੀ। ਵਿਸ਼ਵ ਇਤਿਹਾਸ ਲਈ ਚਾਨਣ ਦੀਆਂ ਪੈੜਾਂ ਸਿਰਜਨ ਵਾਲੇ ਮਹਾਨ ਗੁਰੂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਦਿੱਲੀ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿਚ ਮੁਨਾਦੀ ਕਰਾਈ ਗਈ ਸੀ ਕਿ ਲੋਕ ਚਾਂਦਨੀ ਚੌਕ ਪਹੁੰਚ ਕੇ ਅਪਣੀਆਂ ਅੱਖਾਂ ਨਾਲ ਵੇਖ ਲੈਣ ਕਿ ਸ਼ਾਹੀ ਹੁਕਮ ਨੂੰ ਨਾ ਮੰਨਣ ਵਾਲੇ ਦਾ ਅੰਜਾਮ ਕੀ ਹੁੰਦਾ ਹੈ।

ਗੁਰੂ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਕਈ ਦਿਨ ਤਕ ਉਨ੍ਹਾਂ ਨੂੰ ਭਾਰੀ ਤਸੀਹੇ ਦਿਤੇ ਜਾਂਦੇ ਰਹੇ ਤਾਕਿ ਉਹ ਸ਼ਰਨ ਆਏ (ਕਸ਼ਮੀਰੀ ਪੰਡਤਾਂ) ਦਾ ਸਾਥ ਛੱਡ ਕੇ ਇਸਲਾਮ ਦੇ ਦਾਇਰੇ ਵਿਚ ਆ ਜਾਣ। ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਕਿ ਉਹ ਆਪਣੀ ਵਡਿਆਈ ਪ੍ਰਗਟ ਕਰਨ ਲਈ ਕੋਈ ਕਰਾਮਾਤ ਵਿਖਾਣ। ਤੇ ਜੇ ਉਹ ਦੋਵੇਂ ਗੱਲਾਂ ਸਵੀਕਾਰ ਨਾ ਕਰਨ ਤਾਂ ਮੌਤ ਲਈ ਤਿਆਰ ਹੋ ਜਾਣ।” ਆਪਣੇ ਅਸੂਲਾਂ ਦੇ ਪੱਕੇ ਅਤੇ ਮਾਨਵ-ਭਲਾਈ ਦੇ ਆਦਰਸ਼ਾਂ ਲਈ ਕੁਰਬਾਨ ਹੋਣ ਵਾਲੇ ਮਹਾਂਪੁਰਖ ਰਿਧੀਆਂ ਸਿਧੀਆਂ ਦੇ ਚਮਤਕਾਰੀ ਪ੍ਰਗਟਾਵੇ ਨਾਲ ਨਹੀਂ ਸਗੋਂ ਆਪਣੇ ਤਵਿਯ ਦੁਆਰਾ ਆਪਣੀ ਮਹਾਨਤਾ ਦੀ ਛਾਪ ਲੋਕ ਮਨਾਂ ਤੇ ਛੱਡ ਜਾਇਆ ਕਰਦੇ ਹਨ। ਬਚਿੱਤ੍ਰ ਨਾਟਕ ਦੀਆਂ ਇਹ ਸਤਰਾਂ ਇਤਿਹਾਸ ਦੇ ਇਸ ਸੱਚ ਨੂੰ ਬੜੀ ਖੂਬਸੂਰਤੀ ਨਾਲ ਬਿਆਨ ਕਰਦੀਆਂ ਹਨ:

ਤਿਲਕ ਜੰਵੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮਹਿ ਸਾਕਾ॥ ਸਾਧਨਿ ਹੇਤਿ ਇਤੀ ਜਿਨਿ ਕਰੀ ਸੀਸੁ ਦੀਆ, ਪਰ ਸੀ ਨ ਉਚਰੀ। ਧਰਮ ਹੇਤ ਸਾਕਾ ਜਿਨਿ ਕੀਆ। ਸੀਸੁ ਦੀਆ, ਪਰ ਸਿਰਰੁ ਨ ਦੀਆ। ਨਾਟਕ ਚੇਟਕ ਕੀਏ ਕੁਕਾਜਾ। ਪ੍ਰਭ ਲੋਗਨ ਕਹ ਆਵਤ ਲਾਜਾ।

ਦੋਹਰਾ

ਠੀਕਰਿ ਫੋਰਿ ਦਿਲੀਸਿ ਸਿਰਿ, ਪ੍ਰਭ ਪੁਰ ਕੀਆ ਪਯਾਨ। ਤੇਗ਼ ਬਹਾਦਰ ਸੀ ਕ੍ਰਿਆ, ਕਰੀ ਨ ਕਿਨਹੂੰ ਆਨ

ਤੇਗ਼ ਬਹਾਦਰ ਕੇ ਚਲਤ, ਭਯੋ ਜਗਤ ਕੋ ਸੋਕ

ਹੈ ਹੈ ਹੈ ਸਭ ਜਗ ਭਯੋ, ਜੈ ਜੈ ਜੈ ਸੁਰ ਲੋਕ।

ਜਦੋਂ ਗੁਰੂ ਤੇਗ਼ ਬਹਾਦਰ ਜੀ ਨੂੰ ਕੋਤਵਾਲੀ ਦੇ ਚਬੂਤਰੇ ਨੇੜੇ ਸ਼ਹੀਦ ਕੀਤਾ ਗਿਆ ਤਾਂ ਦਿੱਲੀ ਦੇ ਹਜ਼ਾਰਾਂ ਲੋਕ ਸ਼ਾਹੀ ਜ਼ੁਲਮ ਅਤੇ ਤਸ਼ਦਦ ਦਾ ਇਹ ‘ਨਜ਼ਾਰਾ’ ਵੇਖਣ ਲਈ ਉਥੇ ਜੁੜੇ ਹੋਏ ਸਨ। ਜਿੱਥੇ ਔਰੰਗਜ਼ੇਬ ਦੇ ਕਰਮਚਾਰੀ ਅਤੇ ਅਗਿਆਨ ਮੁਸਲਿਮ ਜਨਤਾ ਬਾਦਸ਼ਾਹ ਦੀ ਇਸ ਵੱਡੀ ਪ੍ਰਾਪਤੀ’ ਤੇ ਖੁਸ਼ੀਆਂ ਮਨਾ ਰਹੀ ਸੀ ਉਥੇ ਰੱਬ ਦੀ ਬੰਦਗੀ ਕਰਨ ਵਾਲੇ ਇਨਸਾਫ਼ ਪਸੰਦ ਮੁਸਲਮਾਨ ਦਿਲਗੀਰ ਸਨ। ਆਮ ਲੋਕ ਕਹਿ ਰਹੇ ਸਨ ਕਿ ਹੁਣ ਇਹ ਰਾਜ ਬਹੁਤੀ ਦੇਰ ਨਹੀਂ ਚਲੇਗਾ।

ਉਨ੍ਹਾਂ ਦਿਨਾਂ ਵਿਚ ਰਾਜਾ ਜੈ ਸਿੰਘ ਦੇ ਬੰਗਲੇ ਨੇੜੇ ਰਾਇਸੀਨਾ, ਭੋਗਲ, ਚਾਂਦਨੀ ਚੌਕ ਅਤੇ ਜਾਮਾ ਮਸਜਿਦ ਦੇ ਨੇੜੇ ਕੂਚਾ ਦਿਲਵਾਲੀ ਵਿਚ ਸਿੱਖਾਂ ਦੇ ਕਾਫੀ ਘਰ ਸਨ। ਇਥੇ ਗੁਰੂ ਹਰਿਕ੍ਰਿਸ਼ਨ ਜੀ ਦੇ ਸਮੇਂ ਤੋਂ ਹੀ ਸਿੱਖਾਂ ਦੀ ਆਬਾਦੀ ਹੋਣੀ ਸ਼ੁਰੂ ਹੋ ਗਈ ਸੀ। ਇਨ੍ਹਾਂ ਪ੍ਰਵਾਰਾਂ ਵਿਚੋਂ ਇਕ ਘਰ ਭਾਈ ਨਾਨੂੰ ਰਾਇ ਛੀਪੇ ਸਿੱਖ (ਬੇਟਾ ਬਾਘੇ) ਦਾ ਸੀ। ਭਾਈ ਜੈਤਾ ਦਾ ਘਰ ਵੀ ਕੂਚਾ ਦਿਲਵਾਲੀ ਵਿਚ ਹੀ ਸੀ। ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ ਸੀਨ ਭਾਈ ਜੈਤਾ, ਭਾਈ ਊਦਾ ਅਤੇ ਭਾਈ ਗੁਰਬਖਸ਼ ਨੇ ਆਪਣੀ ਅੱਖੀਂ ਚਾਂਦਨੀ ਚੌਕ ਵਿਚ ਖਲੋ ਕੇ ਵੇਖਿਆ ਸੀ। ਇਨ੍ਹਾਂ ਸਿੱਖਾਂ ਨੇ ਉਦੋਂ ਹੀ ਇਹ ਫ਼ੈਸਲਾ ਕਰ ਲਿਆ ਸੀ ਕਿ ਚਾਹੇ ਕਿਤਨਾ ਵੀ ਖ਼ਤਰਾ ਕਿਉਂ ਨਾ ਮੁੱਲ ਲੈਣਾ ਪਵੇ ਉਹ ਗੁਰੂ ਤੇਗ਼ ਬਹਾਦਰ ਜੀ ਦੇ ਪਵਿੱਤਰ ਸੀਸ ਅਤੇ ਧੜ ਨੂੰ ਆਮ ਕਤਲ ਕੀਤੇ ਗਏ ਲੋਕਾਂ ਵਾਂਗ ਦਿੱਲੀ ਵਿਚ ਰੁਲਣ ਨਹੀਂ ਦੇਣਗੇ। ਉਨ੍ਹਾਂ ਦਾ ਇਹ ਫੈਸਲਾ ਉਸ ਵਕਤ ਦੀ, ਦੁਨੀਆਂ ਦੀ ਸਭ ਤੋ ਵੱਡੀ ਤੇ ਸ਼ਕਤੀਸ਼ਾਲੀ ਹਕੂਮਤ ਨੂੰ ਬੜੀ ਦਲੇਰਾਨਾ ਵੰਗਾਰ ਸੀ, ਜਿਸ ਲਈ ਗੁਰੂ ਕੇ ਸਿੱਖ ਦ੍ਰਿੜ੍ਹ ਸੰਕਲਪ ਸਨ।