ਰਾਗੁ ਬਿਲਾਵਲੁ ਮਹਲਾ ੯ ਦੁਪਦੇ ੴ ਸਤਿਗੁਰ ਪ੍ਰਸਾਦਿ ॥
ਦੁਖ ਹਰਤਾ ਹਰਿ ਨਾਮੁ ਪਛਾਨੋ ॥ ਅਜਾਮਲੁ ਗਨਿਕਾ ਜਿਹ ਸਿਮਰਤ ਮੁਕਤ ਭਏ ਜੀਅ ਜਾਨੋ ॥੧॥ ਰਹਾਉ ॥ ਗਜ ਕੀ ਤ੍ਰਾਸ ਮਿਟੀ ਛਿਨਹੂ ਮਹਿ ਜਬ ਹੀ ਰਾਮੁ ਬਖਾਨੋ ॥ ਨਾਰਦ ਕਹਤ ਸੁਨਤ ਧ੍ਰੂਅ ਬਾਰਿਕ ਭਜਨ ਮਾਹਿ ਲਪਟਾਨੋ ॥੧॥ ਅਚਲ ਅਮਰ ਨਿਰਭੈ ਪਦੁ ਪਾਇਓ ਜਗਤ ਜਾਹਿ ਹੈਰਾਨੋ ॥ ਨਾਨਕ ਕਹਤ ਭਗਤ ਰਛਕ ਹਰਿ ਨਿਕਟਿ ਤਾਹਿ ਤੁਮ ਮਾਨੋ ॥੨॥੧॥ {ਪੰਨਾ 830}
ਅਰਥ: ਹੇ ਭਾਈ! ਪਰਮਾਤਮਾ ਦੇ ਨਾਮ ਨਾਲ ਸਾਂਝ ਪਾਈ ਰੱਖ, ਇਹ ਨਾਮ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਇਸ ਨਾਮ ਨੂੰ ਸਿਮਰਦਿਆਂ ਸਿਮਰਦਿਆਂ ਅਜਾਮਲ ਵਿਕਾਰਾਂ ਤੋਂ ਹਟ ਗਿਆ, ਗਨਿਕਾ ਵਿਕਾਰਾਂ ਤੋਂ ਮੁਕਤ ਹੋ ਗਈ। ਤੂੰ ਭੀ ਆਪਣੇ ਹਿਰਦੇ ਵਿਚ ਉਸ ਹਰਿ-ਨਾਮ ਨਾਲ ਜਾਣ-ਪਛਾਣ ਬਣਾਈ ਰੱਖ।੧।ਰਹਾਉ।
ਹੇ ਭਾਈ! ਜਦੋਂ ਗਜ ਨੇ ਪਰਮਾਤਮਾ ਦਾ ਨਾਮ ਉਚਾਰਿਆ, ਉਸ ਦੀ ਬਿਪਤਾ ਭੀ ਇਕ ਛਿਨ ਵਿਚ ਹੀ ਦੂਰ ਹੋ ਗਈ। ਨਾਰਦ ਦਾ ਕੀਤਾ ਹੋਇਆ ਉਪਦੇਸ਼ ਸੁਣਦਿਆਂ ਬਾਲਕ ਧ੍ਰੂ ਪਰਮਾਤਮਾ ਦੇ ਭਜਨ ਵਿਚ ਮਸਤ ਹੋ ਗਿਆ।੧।
(ਹਰਿ-ਨਾਮ ਦੇ ਭਜਨ ਦੀ ਬਰਕਤ ਨਾਲ ਧ੍ਰੂ ਨੇ) ਐਸਾ ਆਤਮਕ ਦਰਜਾ ਪ੍ਰਾਪਤ ਕਰ ਲਿਆ ਜੋ ਸਦਾ ਲਈ ਅਟੱਲ ਤੇ ਅਮਰ ਹੋ ਗਿਆ। ਉਸ ਨੂੰ ਵੇਖ ਕੇ ਦੁਨੀਆ ਹੈਰਾਨ ਹੋ ਰਹੀ ਹੈ। ਨਾਨਕ ਆਖਦਾ ਹੈ-ਹੇ ਭਾਈ! ਤੂੰ ਭੀ ਉਸ ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਸਮਝ, ਉਹ ਪਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲਾ ਹੈ।੨।੧।

