ਦਿੱਲੀ ਦੇ ਸਿੱਖਾਂ ਦੀ ਇਕ ਹੰਗਾਮੀ ਮੀਟਿੰਗ
ਜਿਸ ਦਿਨ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਉਸੇ ਦਿਨ ਰਾਤ ਵੇਲੇ ਦਿੱਲੀ ਦੇ ਸਿੱਖਾਂ ਦੀ ਇਕ ਹੰਗਾਮੀ ਮੀਟਿੰਗ ਕੂਚਾ ਦਿਲਵਾਲੀ ਦੇ ਭਾਈ ਨਾਨੂੰ ਰਾਇ ਛੀਪੇ ਦੇ ਘਰ ਹੋਈ। ‘ਗੁਰੂ ਕੀਆਂ ਸਾਖੀਆਂ (ਪੰਨਾ ੮੪) ਉਪਰ ਲਿਖਿਆ ਹੈ ਕਿ ਇਸ ਮੀਟਿੰਗ ਵਿਚ ਭਾਈ ਨਾਨੂੰ ਤੋਂ ਇਲਾਵਾ ਭਾਈ ਤੁਲਸੀ, ਭਾਈ ਆਗਿਆ, ਭਾਈ ਊਦਾ, ‘ ਭਾਈ ਜੈਤਾ, ” ਭਾਈ ਗੁਰਬਖਸ਼, ” ਤੇ ਕੁਝ ਹੋਰ ਸਿੱਖ ਸ਼ਾਮਲ ਸਨ। ਸਭ ਤੋਂ ਪਹਿਲਾਂ ਤਾਂ ਇਸ ਦੁਖਦਾਈ ਘਟਨਾ ਤੇ ਸਾਰਿਆਂ ਨੇ ਭਰੀਆਂ ਅੱਖਾਂ ਨਾਲ ਆਪਣਾ ਅਫਸੋਸ ਪ੍ਰਗਟ ਕੀਤਾ। ਫਿਰ ਜਿਸ ਮਸਲੇ ਤੇ ਗੰਭੀਰਤਾ ਨਾਲ ਵਿਚਾਰ ਕੀਤੀ ਗਈ ਉਹ ਇਹ ਸੀ ਕਿ ਸਖ਼ਤ ਸ਼ਾਹੀ ਪਹਿਰਿਆਂ ਵਿਚ ਰਖੇ ਗਏ ਗੁਰੂ ਤੇਗ਼ ਬਹਾਦਰ ਜੀ ਦੇ ਪਵਿੱਤਰ ਸੀਸ ਅਤੇ ਧੜ ਨੂੰ ਉਥੋਂ ਕਿਵੇਂ ਚੁਕਿਆ ਜਾਵੇ ਅਤੇ ਕਿਵੇਂ ਸਤਿਕਾਰ ਸਹਿਤ ਇਨ੍ਹਾਂ ਦਾ ਸਸਕਾਰ ਕੀਤਾ ਜਾਵੇ ਜਾਂ ਅਨੰਪੁਰ ਸਾਹਿਬ ਪਹੁੰਚਾਇਆ ਜਾਵੇ।”
ਬਾਕੀ ਤਿੰਨ ਸਿੱਖਾਂ (ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ) ਦੀ ਸ਼ਹਾਦਤ ਬਾਰੇ ਵੀ ਦੁਖ ਪ੍ਰਗਟ ਕੀਤਾ ਗਿਆ ਅਤੇ ਉਨ੍ਹਾਂ ਦੇ ਸਸਕਾਰ ਦੀ ਵੀ ਯੋਜਨਾ ਬਣਾਈ ਗਈ।
ਜਦੋਂ ਇਸ ਮਸਲੇ ਬਾਰੇ ਵਿਚਾਰ ਚਲ ਰਹੀ ਸੀ ਤਾਂ ਭਾਈ ਨਾਨੂੰ ਨੇ ਕਿਹਾ ਕਿ ਰਾਇਸੀਨਾ ਦਾ ਲੱਖੀਦਾਸ (ਪ੍ਰਚਲਿਤ ਅਤੇ ਪ੍ਰਸਿੱਧ ਨਾਮ ਲੱਖੀ ਸ਼ਾਹ ਵਣਜਾਰਾ) ਅਜ ਹੀ, ਕਲੀ ਚੂਨੇ ਨਾਲ ਲੱਦੇ ਆਪਣੇ ਟਾਂਡਿਆਂ (ਗਡਿਆਂ) ਸਮੇਤ ਨਾਰਨੌਲ ਤੋਂ ਵਾਪਸ ਆਇਆ ਹੈ ਅਤੇ ਉਹ ਜਮਨਾ ਦੇ ਦੂਜੇ ਪਾਰ ਠਹਿਰਿਆ ਹੋਇਆ ਹੈ। ਸਾਨੂੰ ਉਸ ਨਾਲ ਵੀ ਚਲ ਕੇ ਗੱਲ ਕਰ ਲੈਣੀ ਚਾਹੀਦੀ ਹੈ।” ਲੱਖੀ ਸ਼ਾਹ ਦਾ ਦਿੱਲੀ ਦੇ ਸਿੱਖਾਂ ਵਿਚ ਬੜਾ ਪ੍ਰਭਾਵ ਸੀ। ਉਸਦੀ ਗਿਣਤੀ ਗੁਰੂ ਘਰ ਦੇ ਪ੍ਰਸਿੱਧ ਸਿੱਖਾਂ ਵਿਚ ਕੀਤੀ ਜਾਂਦੀ ਸੀ। ਇਹ ਵਿਚਾਰ ਆਂਦਿਆਂ ਹੀ ਭਾਈ ਆਗਿਆ, ਭਾਈ ਨਾਨੂੰ, ਭਾਈ ਤੁਲਸੀ ਤੇ ਕੁਝ ਹੋਰ ਸਿੱਖ ਅੱਗੇ ਪਿੱਛੇ ਹੋ ਕੇ ਜਮਨਾ ਦੇ ਕਿਨਾਰੇ ਵਲ ਚਲ ਪਏ, ਜਿਥੇ ਭਾਈ ਲੱਖੀ ਸ਼ਾਹ ਆਪਣੇ ਟਾਂਡਿਆਂ ਸਮੇਤ ਡੇਰਾ ਪਾ ਕੇ ਠਹਿਰਿਆ ਹੋਇਆ ਸੀ। ਲੱਖੀ ਸ਼ਾਹ ਦੇ ਡੇਰੇ (ਕੈਂਪ ਵਿਚ) ਪਹੁੰਚ ਕੇ ਇਨ੍ਹਾਂ ਸਿੱਖਾਂ ਨੇ ਉਸ ਨੂੰ ਗੁਰੂ ਤੇਗ਼ ਬਹਾਦਰ ਜੀ ਅਤੇ ਤਿੰਨ ਸਿੱਖਾਂ ਦੇ ਸ਼ਹੀਦ ਹੋ ਜਾਣ ਦੀ ਖ਼ਬਰ ਦਸੀ ਅਤੇ ਫਿਰ ਮਿਥੀ ਹੋਈ ਯੋਜਨਾ ਅਨੁਸਾਰ ਇਹ ਸਾਰੇ ਚਾਂਦਨੀ ਚੌਂਕ ਵਲ ਚਲ ਪਏ। ਅੱਧੀ ਰਾਤ ਦਾ ਸਮਾਂ ਸੀ। ਹਰ ਪਾਸੇ ਸੰਨਾਟਾ ਛਾਇਆ ਹੋਇਆ ਸੀ। ਮੌਸਮ ਖ਼ਰਾਬ ਹੋਣ ਕਰਕੇ ਸ਼ਾਹੀ ਪਹਿਰੇਦਾਰ ਅਵੇਸਲੇ ਹੋ ਕੇ ਕੋਤਵਾਲੀ ਦੇ ਅੰਦਰ ਸੁੱਤੇ ਪਏ ਸਨ। ਅਚਾਨਕ ਅਕਾਸ਼ ਵਿਚ ਬਿਜਲੀ ਕੜਕੀ। ਭਾਈ ਲੱਖੀ ਦਾਸ (ਬੇਟਾ ਗੋਧੂ ਕਾ), ਉਸ ਦੇ ਪੁੱਤਰਾਂ ਭਾਈ ਨਗਾਹੀਆ, ਭਾਈ ਹੇਮਾ, ਭਾਈ ਹਾੜੀ ਅਤੇ ‘ਭਾਈ ਧੂਮਾਂ ਬੇਟਾ ਕਾਨ੍ਹੇ ਕਾ’ ਨੇ ਅੱਗੇ ਵੱਧ ਕੇ ਗੁਰੂ ਜੀ ਦੇ ਧੜ ਨੂੰ ਆਪਣੇ ਟਾਂਡੇ (ਗੱਡੇ) ਵਿਚ ਲੱਦ ਲਿਆ ਅਤੇ ਉਹ ਵਾਹੋ ਦਾਹੀ ਆਪਣੇ ਘਰ (ਰਾਏਸੀਨਾਂ, ਹੁਣ ਗੁਰਦੁਆਰਾ ਰਕਾਬ ਗੰਜ ਸਾਹਿਬ) ਵਲ ਚਲ ਪਏ। ਜਿਵੇਂ ਕਿ ਯੋਜਨਾ ਬਣਾਈ ਗਈ ਸੀ ਉਸ ਅਨੁਸਾਰ ‘ਭਾਈ ਜੈਤਾ ਬੇਟਾ ਆਗਿਆ ਕਾ’, ‘ਭਾਈ ਨਾਨੂੰ ਬੇਟਾ ਬਾਘੇ ਕਾ’, ਭਾਈ ਊਦਾ ਬੇਟਾ ਖੇਮੇ ਕਾ ਅਤੇ ਭਾਈ ਆਗਿਆ ਗੁਰੂ ਜੀ ਦੇ ਸੀਸ ਨੂੰ ਚੁਕ ਕੇ ਪਹਿਲਾਂ ਆਪਣੇ ਘਰ ਦਿਲਵਾਲੀ ਲੈ ਆਏ।“ ਇਥੋਂ ਉਨ੍ਹਾਂ ਨੇ ਆਨੰਦਪੁਰ ਲਈ ਆਪਣਾ ਸਫ਼ਰ ਸ਼ੁਰੂ ਕਰਨਾ ਸੀ। ਇਹ ਸਫ਼ਰ ਦਿਨ ਚੜ੍ਹਨ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ।
ਸਵੇਰ ਹੋਣ ਤੇ ਜਦੋਂ ਪਹਿਰੇਦਾਰਾਂ ਨੇ ਵੇਖਿਆ ਕਿ ਗੁਰੂ ਜੀ ਦਾ ਸੀਸ ਅਤੇ ਧੜ ਕਤਲਗਾਹ ਤੋਂ ਗ਼ਾਇਬ ਹੋ ਚੁਕੇ ਹਨ ਤਾਂ ਇਹ ਖ਼ਬਰ ਹਰ ਪਾਸੇ ਜੰਗਲ ਦੀ ਅੱਗ ਵਾਂਗ ਫੈਲ ਗਈ। ਜਦੋਂ ਤੱਕ ਮੁਗ਼ਲ ਅਧਿਕਾਰੀ ਹਰਕਤ ਵਿਚ ਆਉਂਦੇ ਉਦੋਂ ਤਕ ਭਾਈ ਲੱਖੀ ਸ਼ਾਹ ਆਪਣੇ ਘਰ ਅਤੇ ਵਿਓਪਾਰ ਦੇ ਆਸ਼ੇ ਨਾਲ ਲਿਆਂਦੇ ਆਪਣੇ ਸਾਰੇ ਸਾਮਾਨ ਨੂੰ ਅੱਗ ਲਗਾ ਕੇ ਗੁਰੂ ਜੀ ਦੇ ਧੜ ਦਾ ਸਸਕਾਰ ਕਰ ਚੁਕਾ ਸੀ ਤੇ ਰਾਤ ਮੁਕਣ ਤੋਂ ਪਹਿਲਾਂ ਭਾਈ ਜੈਤਾ ਭੇਸ ਬਦਲ ਕੇ ਗੁਰੂ ਜੀ ਦੇ ਸੀਸ ਨੂੰ ਸਾਫ ਸੁਥਰੇ ਬਸਤਰਾਂ ਵਿਚ ਲਪੇਟ ਕੇ, ਤੇਜ਼ ਰਫ਼ਤਾਰ ਘੋੜੇ ਤੇ ਸੁਆਰ ਹੋ ਕੇ ਆਨੰਦਪੁਰ ਲਈ ਚਲ ਚੁਕਾ ਸੀ। ਕੂਚਾ ਦਿਲਵਾਲੀ ਅਤੇ ਜਮੁਨਾ ਕੰਢੇ ਭਾਈ ਲੱਖੀ ਸ਼ਾਹ ਦੇ ਡੇਰੇ (ਕੈਂਪ) ਤੇ ਹੋਈ ਮੀਟਿੰਗ ਵਿਚ ਇਹ ਯੋਜਨਾ ਬਣਾਈ ਗਈ ਸੀ ਕਿ ਭਾਈ ਜੈਤਾ ਜਰਨੈਲੀ ਸੜਕ ਦੇ ਨਾਲ ਨਾਲ ਪਿੰਡਾਂ ਚੋਂ ਸਫਰ ਕਰਦਾ ਕੀਰਤਪੁਰ ਵੱਲ ਵਧੇਗਾ, ਭਾਈ ਊਦਾ ਅਤੇ ਭਾਈ ਨਾਨੂੰ ਉਸਦੀ ਰਖਿਆ ਲਈ ਉਸ ਦੇ ਅੱਗੇ ਤੇ ਪਿੱਛੇ ਇਸ ਤਰ੍ਹਾਂ ਚਲਦੇ ਰਹਿਣਗੇ ਜਿਵੇਂ ਇਨ੍ਹਾਂ ਵਿਚੋਂ ਕੋਈ ਕਿਸੇ ਨੂੰ ਜਾਣਦਾ ਯਾ ਪਹਿਚਾਣਦਾ ਨਾ ਹੋਵੇ। ਕਿਸੇ ਵੀ ਖ਼ਤਰੇ ਦੀ ਹਾਲਤ ਵਿਚ ਇਹ ਸਾਰੇ ਇਕੱਠੇ ਹੋ ਕੇ ਆਪਣੇ ਮਿਸ਼ਨ ਨੂੰ ਜਾਰੀ ਰਖਣਗੇ। ਗੁਰੂ ਜੀ ਦਾ ਸੀਸ ਲੈ ਕੇ ਜਾਣ ਵਾਲੇ ਸਾਰੇ ਸਿੱਖ ਸ਼ਸਤਰਧਾਰੀ ਅਤੇ ਯੁੱਧ ਵਿਦਿਆ ਵਿਚ ਪੂਰੀ ਤਰ੍ਹਾਂ ਨਿਪੁੰਨ ਸਨ।

