ਸ਼ਹੀਦ ਸਿੱਖਾਂ ਦਾ ਸਸਕਾਰ
ਇਨ੍ਹਾਂ ਤਿੰਨੋਂ ਧਰਮੀ ਸਿੱਖਾਂ ਨੂੰ ਗੁਰੂ ਤੇਗ਼ ਬਹਾਦਰ ਜੀ ਦੀਆਂ ਨਜ਼ਰਾਂ ਦੇ ਸਾਮ੍ਹਣੇ ਸ਼ਹੀਦ ਕੀਤਾ ਗਿਆ ਸੀ ਤਾਂ ਜੋ ਗੁਰੂ ਤੇਗ਼ ਬਹਾਦਰ ਜੀ ਇਨ੍ਹਾਂ ਉਪਰ ਹੁੰਦੇ ਜ਼ੁਲਮ ਵੇਖ ਕੇ ਡਰ ਜਾਣ ਤੇ ਉਹ ਆਪਣਾ ਹੱਠ ਤਿਆਗ ਕੇ ਇਸਲਾਮ ਦੇ ਦਾਇਰੇ ਵਿਚ ਆ ਜਾਣ। ਪਰ ਗੁਰੂ ਜੀ ਅੰਤਮ ਸਮੇਂ ਤਕ ਸ਼ਾਂਤ ਅਤੇ ਅਡੋਲ ਰਹੇ ਅਤੇ ੧੧ ਨਵੰਬਰ ਸੰਨ ੧੬੭੫ ਈਸਵੀਂ ਨੂੰ ਸਰੀਰ ਰੂਪੀ ਠੀਕਰਾ ਦਿੱਲੀ ਪਤਿ ਦੇ ਸਿਰ ਭੰਨ੍ਹ ਕੇ ਸ਼ਹੀਦ ਹੋ ਗਏ |
ਸ਼ਹੀਦ ਹੋਏ ਸਿੱਖਾਂ ਦੇ ਮ੍ਰਿਤਕ ਸਰੀਰ ੨ ਦਿਨ ਤਕ ਉਥੇ ਹੀ ਪਏ ਰਹੇ ਜਿੱਥੇ ਉਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਸੀ। ਫ਼ਿਰ ਦਿੱਲੀ ਦੇ ਕੌਤਵਾਲ ਨੇ ਸ਼ਹੀਦਾਂ ਦੀਆਂ ਲਾਸ਼ਾਂ ਨੂੰ ਉਥੋਂ ਚੁਕਵਾ ਕੇ ਇਕ ਪਾਸੇ ਸੁਟਵਾ ਦਿੱਤਾ।“ ਦਿੱਲੀ ਦੇ ਸਿੱਖਾਂ ਨੇ ਇਕ ਯੋਜਨਾ ਬਣਾ ਕੇ ਇਨ੍ਹਾਂ ਸ਼ਹੀਦ ਸਿੱਖਾਂ ਦੇ ਸਰੀਰ ਇਥੋਂ ਚੁਕ ਕੇ, ਭੋਗਲ ਦੇ ਨੇੜੇ ਜਮਨਾ ਦੇ ਕੰਢੇ ਲਿਜਾਕੇ ਉਨ੍ਹਾਂ ਦਾ ਸਸਕਾਰ ਕਰ ਦਿਤਾ। ਇਹ ਉਹੀ ਥਾਂ ਸੀ ਜਿੱਥੇ ਸੰਨ ੧੬੬੪ ਈਸਵੀ ਵਿਚ ਗੁਰੂ ਹਰਿਕ੍ਰਿਸ਼ਨ ਜੀ ਦਾ ਸਸਕਾਰ ਕੀਤਾ ਗਿਆ ਸੀ ਅਤੇ ਦੋ ਦਿਨ ਪਹਿਲਾਂ ਬਾਬਾ ਬੁੱਢਾ ਜੀ ਦੀ ਅੰਸ ਚੋਂ ਬਾਬਾ ਗੁਰਦਿੱਤਾ ਜੀ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ। ਡਾਕਟਰ ਹਰੀ ਰਾਮ ਗੁਪਤਾ ਨੇ ਵੀ ਇਨ੍ਹਾਂ ਦਾ ਸਸਕਾਰ ਜਮਨਾ ਦੇ ਕੰਢੇ ਹੋਇਆ ਲਿਖਿਆ ਹੈ।
ਗੁਰੂ ਜੀ ਦਾ ਸੀਸ ਅਤੇ ਧੜ ਚੁਕਣ ਦੀ ਯੋਜਨਾ ਬਨਾਣ ਵਾਲੇ ਧਰਮੀ ਤੇ ਬਹਾਦਰ ਸਿੱਖ
ਭਾਈ ਉਦਾ
ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਜਦੋਂ ਗੁਰੂ ਤੇਗ਼ ਬਹਾਦਰ ਜੀ ਦਿੱਲੀ ਲਈ ਚਲੇ ਤਾਂ ਭਾਈ ਊਦਾ ਵੀ ਗੁਰੂ ਜੀ ਦੇ ਨਾਲ ਸੀ। ਭਾਈ ਊਦਾ ਨੂੰ ਗੁਰੂ ਜੀ ਦਾ ਇਹ ਆਦੇਸ਼ ਸੀ ਕਿ ਉਹ ਦਿੱਲੀ ਵਿਚ ਹੀ ਠਹਿਰੇ ਅਤੇ ਜੇ ਉਨ੍ਹਾਂ ਨਾਲ ਕੋਈ ‘ਭਾਣਾ’ ਵਰਤ ਜਾਏ ਤਾਂ ਇਸ ਦੀ ਖ਼ਬਰ ਆਨੰਦਪੁਰ ਜਾ ਕੇ ਬਾਲ ਗੋਬਿੰਦ ਰਾਇ ਅਤੇ ਸਿੱਖ ਸੰਗਤਾਂ ਨੂੰ ਦੇ ਦੇਵੇ। ਜਦੋਂ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਤਾਂ ਭਾਈ ਊਦਾ ਦਿਲਵਾਲੀ ਮਹੱਲੇ ਵਿਚ ਠਹਿਰਿਆ ਹੋਇਆ ਸੀ। ਉਹ ਭਾਈ ਜੈਤਾ ਅਤੇ ਭਾਈ ਨਾਨੂੰ ਦੇ ਨਾਲ ਗੁਰੂ ਜੀ ਦੇ ਸੀਸ ਨੂੰ ਲੈ ਕੇ ਆਨੰਦਪੁਰ ਪਹੁੰਚਿਆ ਸੀ। ਇਹ ਸੂਰਬੀਰ ਸਿੱਖ, ਭੰਗਾਣੀ ਦੀ ਜੰਗ ਵਿਚ ੧੮ ਅੱਸੂ, ਸੰਮਤ ੧੭੪੫ ਬਿਕ੍ਰਮੀ ਨੂੰ ਸ਼ਹੀਦੀ ਪਾ ਗਿਆ। ਭੱਟ ਵਹੀ ਭਾਦਸੋਂ ਅਨੁਸਾਰ ਉਹ ਭਾਈ ਖੇਮ ਚੰਦ ਚੰਦੋਨੀਏ ਦਾ ਪੁੱਤਰ ਤੇ ਬਾਬੇ ਧਰਮੈ ਦਾ ਪੋਤਾ ਸੀ। ਉਸਦੇ ਵਡੇਰੇ ਪਿੰਡ ਲਾਡਵਾ ਜ਼ਿਲ੍ਹਾ ਕਰਨਾਲ ਦੇ ਰਹਿਣ ਵਾਲੇ ਸਨ। ਭੱਟ ਵਹੀ ਦੀ ਅਸਲ ਇਬਾਰਤ ਇਸ ਪ੍ਰਕਾਰ ਹੈ:
‘ਉਦੀਆ ਖੇਮੇ ਚੰਦਨੀਏ ਕਾ, ਪੋਤਾ ਧਰਮੇ ਕਾ, ਸੂਰਜਬੰਸੀ ਗੋਤੇ ਰਮਾਨਾ, ਗੁਰੂ ਕੀ ਬੂਆ ਕੇ ਬੇਟੇ ਸੰਗ ਸ਼ਾਹ, ਜੀਤ ਮੱਲ ਬੇਟੇ ਸਾਧੂ ਕੇ, ਪੋਤੇ ਧਰਮੇ ਕੇ, ਖੋਸਲੇ ਖੜ੍ਹੀਆਂ ਗੈਲ ਅਨ ਮਿਤੀ ੧੮ ਸੰਬਤ ੧੭੪੫ ਕੋ ਭੰਗਾਣੀ ਕੇ ਮਲ੍ਹਾਨ ਜਮਨਾ ਗਿਰੀ ਕੇ ਮਧਿਆਨ, ਰਾਜਾ ਨਾਹਣ ਏਕ ਘੜੀ ਦਿਨ ਖੜੇ ਰਣ ਜੂਝੰਤੇ ਸੂਰਿਉਂ ਗੈਲ ਸਾਬ੍ਹੋ ਮਾਥੇ ਜੂਝਿ ਕਰ ਮਰਾ (ਭੱਟ ਵਹੀ ਭਾਦਸੋਂ ਵਾਲੀ)
ਭਾਈ ਨਾਨੂੰ ਰਾਇ
ਭਾਈ ਨਾਨੂੰ ਦਿੱਲੀ ਦੇ ਦਿਲਵਾਲੀ ਮਹੱਲੇ ਵਿਚ ਰਹਿਣ ਵਾਲਾ ਇਕ ਛੀਂਬਾ ਸਿੱਖ ਸੀ। ਇਨ੍ਹਾਂ ਦੇ ਬਜ਼ੁਰਗ ਭਾਈ ਕਲਿਆਣੇ ਦੇ ਨਾਮ ਤੇ ਦਿੱਲੀ ਵਿਚ ‘ਭਾਈ ਕਲਿਆਣੇ ਦੀ ਧਰਮਸਾਲਾ’ ਬਣੀ ਹੋਈ ਸੀ। ਇਥੇ ਇਕ ਵਾਰ ਗੁਰੂ ਤੇਗ਼ ਬਹਾਦਰ ਜੀ ਵੀ ਆ ਕੇ ਟਿਕੇ ਸਨ। ਭਾਈ ਨਾਨੂੰ ਦੇ ਵਡੇਰੇ ਕਈ ਪੀੜ੍ਹੀਆਂ ਤੋਂ ਸਿੱਖੀ ਨਾਲ ਜੁੜੇ ਹੋਏ ਸਨ।
ਦਿੱਲੀ ਦੇ ਸਿੱਖਾਂ ਵਿਚ ਭਾਈ ਨਾਨੂੰ ਦਾ ਬੜਾ ਸਤਿਕਾਰ ਸੀ। ਜਦੋਂ ਗੁਰੂ ਹਰਿ ਕ੍ਰਿਸ਼ਨ ਜੀ ਦਾ ਸਸਕਾਰ ਕੀਤਾ ਗਿਆ ਤਾਂ ਸਤਲੁਜ ਨਦੀ ਵਿਚ ਪ੍ਰਵਾਹ ਕਰਨ ਲਈ ਚਿੱਖਾ ਦੀ ਭਸਮ ਭਾਈ ਨਾਨੂੰ ਹੀ ਲੈ ਕੇ ਕੀਰਤਪੁਰ ਆਇਆ ਸੀ। ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਤੋਂ ਮਗਰੋਂ ਆਪ ਜੀ ਦੇ ਪਵਿੱਤਰ ਸੀਸ ਅਤੇ ਧੜ ਨੂੰ ਚਾਂਦਨੀ ਚੌਂਕ ਵਿਚੋਂ ਚੁਕਣ ਦੀ ਯੋਜਨਾ ਭਾਈ ਨਾਨੂੰ ਦੇ ਘਰ ਹੀ ਬਣਾਈ ਗਈ ਸੀ। ਜਦੋਂ ਭਾਈ ਜੈਤਾ ਗੁਰੂ ਜੀ ਦਾ ਸੀਸ ਲੈ ਕੇ ਆਨੰਦਪੁਰ ਲਈ ਚਲਿਆ ਤਾਂ ਭਾਈ ਨਾਨੂੰ ਵੀ ਭੇਸ ਬਦਲ ਕੇ ਉਸਦੇ ਨਾਲ ਨਾਲ ਸੀ। ਭਾਈ ਜੈਤਾ ਅਤੇ ਭਾਈ ਨਾਨੂੰ ਦਾ ਤੀਸਰਾ ਸਾਥੀ ਭਾਈ ਊਦਾ ਸੀ ਜੋ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਲੈ ਕੇ ਆਨੰਦਪੁਰ ਪਹੁੰਚੇ ਸਨ। ਸੀਸ ਨੂੰ ਆਨੰਦਪੁਰ ਸਾਹਿਬ ਲਿਜਾਣ ਤੋਂ ਪਹਿਲਾਂ, ਚਾਂਦਨੀ ਚੌਂਕ ਤੋਂ ਚੁਕ ਕੇ ਭਾਈ ਨਾਨੂੰ ਅਤੇ ਭਾਈ ਜੈਤੋ ਦੇ ਘਰ ਲਿਆਂਦਾ ਗਿਆ ਸੀ। ਇਥੇ ਪੂਰੀ ਤਿਆਰੀ ਕਰਨ ਮਗਰੋਂ ਸੀਸ ਨੂੰ ਦੋਹਣੀ ਵਿਚ ਪਾਕੇ, ਤੂੜੀ ਨਾਲ ਢੱਕ ਕੇ ਅਤੇ ਰੁਮਾਲਿਆਂ ਵਿਚ ਲਪੇਟ ਕੇ ਇਹ ਸਾਹਸੀ ਟੋਲਾ ਆਨੰਦਪੁਰ ਲਈ ਰਵਾਨਾ ਹੋਇਆ ਸੀ।
ਸੀਸ ਆਨੰਦਪੁਰ ਲੈ ਜਾਣ ਮਗਰੋਂ ਭਾਈ ਨਾਨੂੰ ਦਿੱਲੀ ਨਹੀਂ ਪਰਤਿਆ ਸਗੋਂ ਆਨੰਦਪੁਰ ਹੀ ਟਿਕ ਗਿਆ। ਭਾਈ ਨਾਨੂੰ ਦੇ ਦੋ ਪੁੱਤਰ ਸਨ— ਘਰਬਾਰਾ ਸਿੰਘ ਅਤੇ ਦਲਬਾਰਾ ਸਿੰਘ। ਘਰਬਾਰਾ ਸਿੰਘ ੩੦ ਭਾਵੇਂ ਸੰਮਤ ੧੭੫੭ ਬਿਕ੍ਰਮੀ ਵਿਚ ਅਗੰਮਪੁਰੇ (ਆਨੰਦਪੁਰ) ਵਿਚ ਪਹਾੜੀ ਰਾਜਿਆਂ ਨਾਲ ਲੜਦਾ ਸ਼ਹੀਦੀ ਪਾ ਗਿਆ। ਭਾਈ ਨਾਨੂੰ (ਸਿੰਘ) ਉਨ੍ਹਾਂ ੪੦ ਸਿੰਘਾਂ ਵਿਚੋਂ ਇਕ ਸੀ ਜੋ ਚਮਕੌਰ ਦੀ ਲੜਾਈ ਵਿਚ ਸ਼ਹੀਦ ਹੋਏ ਸਨ।
ਭਾਈ ਜੈਤਾ
ਚਾਂਦਨੀ ਚੌਂਕ ਦਿੱਲੀ ਵਿਚੋਂ ਸੀਸ ਨੂੰ ਚੁਕ ਕੇ ਆਨੰਦਪੁਰ ਸਾਹਿਬ ਲਿਜਾਣ ਵਾਲੀ ਇਤਿਹਾਸਕ ਘਟਨਾ ਦਾ ਮੁੱਖ ਨਾਇਕ ਭਾਈ ਜੈਤਾ (ਅੰਮ੍ਰਿਤ ਛਕਣ ਮਗਰੋਂ ਭਾਈ ਜੀਵਨ ਸਿੰਘ) ਹੈ। ਜਦੋਂ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਤਾਂ ਉਨ੍ਹਾਂ ਦਿਨਾਂ ਵਿਚ ਭਾਈ ਜੈਤਾ ਦਿਲਵਾਲੀ ਮਹਲੇ, (ਦਿੱਲੀ) ਠਹਿਰਿਆ ਹੋਇਆ ਸੀ। ਇਸ ਮਹਲੇ ਵਿਚ ਸਿੱਖਾਂ ਦੇ ਹੋਰ ਵੀ ਕਈ ਘਰ ਸਨ। ਗੁਰੂ ਜੀ ਦਾ ਸੀਸ ਚੁਕਣ ਲਈ ਜੋ ਹੰਗਾਮੀ ਮੀਟਿੰਗ ਭਾਈ ਨਾਨੂੰ ਦੇ ਘਰ ਸਦੀ ਗਈ, ਭਾਈ ਜੈਤਾ ਸਿੰਘ ਉਸ ਵਿਚ ਸ਼ਾਮਲ ਸੀ। ਗੁਰੂ ਜੀ ਦਾ ਸੀਸ ਆਨੰਦਪੁਰ ਲਿਜਾਣ ਦੀ ਸੇਵਾ ਭਾਈ ਜੈਤਾ ਨੂੰ ਸੌਂਪੀ ਗਈ ਸੀ ਜਦ ਕਿ ਭਾਈ ਊਦਾ ਅਤੇ ਭਾਈ ਨਾਨੂੰ ਨੇ ਸਾਰੇ ਰਾਹ ਵਿਚ ਉਸਦਾ ਸਾਥ ਦੇਣਾ ਸੀ।” ਤਿੰਨੋਂ ਸਿੱਖਾਂ ਕੋਲ ਤੇਜ਼ ਰਫ਼ਤਾਰ ਘੋੜੇ ਸਨ ਅਤੇ ਤਿੰਨਾਂ ਨੇ ਕਿਸੇ ਵੀ ਅਣਸੁਖਾਵੀਂ ਘਟਨਾਂ ਦਾ ਮੁਕਾਬਲਾ ਕਰਨ ਲਈ ਸ਼ਸਤਰ ਪਹਿਣੇ ਹੋਏ ਸਨ। ਭਾਈ ਜੈਤਾ ਅਤੇ ਭਾਈ ਊਦਾ ਸ਼ਸਤਰ ਵਿਦਿਆ ਵਿਚ ਨਿਪੁੰਨ ਅਤੇ ਤਕੜੇ ਯੋਧੇ ਸਨ। ਰਾਹ ਦੀਆਂ ਦੁਸ਼ਵਾਰੀਆਂ
ਨੂੰ ਝਲਦੇ ਜਦੋਂ ਇਹ ਸਾਹਸੀ ਵੀਰ ਕੀਰਤਪੁਰ ਪਹੁੰਚੇ ਤਾਂ ਗੋਬਿੰਦ ਰਾਇ (ਗੁਰੂ ਗੋਬਿੰਦ ਸਿੰਘ) ਨੇ ਭਾਈ ਜੈਤਾ ਨੂੰ ‘ਗੁਰੂ ਕਾ ਬੇਟਾ’ ਕਹਿ ਕੇ ਗਲਵਕੜੀ ਵਿਚ ਲੈ ਲਿਆ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਦਸੰਬਰ ੧੭੦੫ ਵਿਚ ਆਨੰਦਪੁਰ ਦਾ ਕਿਲ੍ਹਾ ਛਡਿਆ ਤਾਂ ਅਗੇਤਰੇ ਚਲਣ ਵਾਲੇ ਦਸਤੇ ਦੀ ਕਮਾਨ ਭਾਈ ਜੀਵਨ ਸਿੰਘ (ਭਾਈ ਜੈਤਾ) ਨੂੰ ਸੌਂਪੀ ਗਈ। ਉਸਦੇ ਦਸਤੇ ਵਿਚ ੧੦੦ ਸਿੰਘ ਸਨ। ਸਰਸਾ ਨਦੀ ਕੰਢੇ ਮੁਗਲ ਅਤੇ ਪਹਾੜੀ ਰਾਜਿਆਂ ਨਾਲ ਹੋਈ ਇਕ ਅਣਸਾਵੀਂ ਅਤੇ ਭਿਆਨਕ ਲੜਾਈ ਵਿਚ ਭਾਈ ਜੈਤਾ ਅਤੇ ਉਸਦੇ ਸਾਰੇ ਸਾਥੀ ਵੀਰਤਾ ਨਾਲ ਲੜਦੇ ਹੋਏ ਸ਼ਹੀਦ ਹੋ ਗਏ।” ਭਾਈ ਜੈਤਾ (ਜੀਵਨ ਸਿੰਘ) ਦੇ ਸਬੰਧ ਵਿਚ ਭੱਟ ਵਹੀਆਂ ਵਿਚ ਇਹ ਜਾਣਕਾਰੀ ਦਰਜ
ਹੈ:
ਜੀਵਨ ਸਿੰਘ ਬੇਟਾ ਆਗਿਆ ਕਾ, ਪੋਤਾ ਦੁੱਲੂ ਕਾ, ਵਾਸੀ ਦਿੱਲੀ, ਮਹੱਲਾ ਦਿਲਵਾਲੀ, ਸੌ ਸਿੱਖਾਂ ਕੋ ਗੈਲ ਲੈ ਸੰਬਤ ਸਤ੍ਰਾਂ ਸੈ ਬਾਸਠ ਪੋਖ ਮਾਸੈ ਸੁਦੀ ਦੂਜ, ਵੀਰਵਾਰ ਕੇ ਦਿਹੁੰ ਸਰਸਾ ਨਦੀ ਕੇ ਤੀਰ, ਰਾਜਾ ਅਜਮੇਰ ਚੰਦ ਬੇਟਾ ਭੀਮ ਚੰਦ ਕਾ, ਪੋਤਾ ਦੀਪਚੰਦ ਕਾ, ਪੜਪੋਤਾ ਤਾਰਾ ਚੰਦ ਕਾ, ਬੰਸ ਕਲਿਆਣ ਚੰਦ ਚੰਦੇਲ, ਗੋਤਰ ਰਾਣੇ ਕੀ ਫੌਜ ਗੈਲ, ਦਸ ਘੜੀਆਂ ਜੂਝ ਕੇ ਸਾਮੇ ਮਾਥੇ ਸ਼ਹਾਦਤ ਪਾਈ। ਆਗੇ ਗੁਰੂ ਭਾਣੇ ਕਾ, ਗੁਰੂ ਕੀ ਗਤਿ ਗੁਰੂ ਜਾਣੇ, ਗੁਰੂ ਗੁਰੂ ਜਪਣਾ, ਜਨਮ ਸਉਰੇਗਾ’।
ਭਾਈ ਲੱਖੀ ਸ਼ਾਹ ਵਣਜਾਰਾ
ਹੁਣ ਭਾਈ ਲੱਖੀ ਸ਼ਾਹ ਸਿੱਖ ਇਤਿਹਾਸ ਦਾ ਇਕ ਅਮਰ ਪਾਤਰ ਹੈ। ਜਦੋਂ ਤਕ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ ਜ਼ਿਕਰ ਇਤਿਹਾਸ ਅਤੇ ਲੋਕ ਮਨਾਂ ਵਿਚ ਹੁੰਦਾ ਰਹੇ ਗਾ, ਭਾਈ ਜੈਤਾ ਅਤੇ ਭਾਈ ਲੱਖੀ ਸ਼ਾਹ ਦੇ ਸਾਹਸ ਭਰਪੂਰ ਕਾਰਨਾਮੇ ਬੜੀ ਸ਼ਰਧਾ, ਸਤਿਕਾਰ ਅਤੇ ਮਾਣ ਨਾਲ ਦੁਹਰਾਏ ਜਾਂਦੇ ਰਹਿਣਗੇ। ਭਾਈ ਲੱਖੀ ਸ਼ਾਹ ਉਹ ਸੂਰਬੀਰ ਨਾਇਕ ਹੈ ਜਿਸ ਨੇ ਆਪਣੇ ਤਿੰਨ ਪੁੱਤਰਾਂ (ਲੱਖੀ ਸ਼ਾਹ ਦੇ ਅੱਠ ਪੁੱਤਰ ਸਨ) ਨਗਾਹੀਆ, ਹੇਮਾ ਤੇ ਹਾੜੀ ਅਤੇ ਭਾਈ ਕਾਹਨੇ ਦੇ ਪੁੱਤਰ ਧੂਮਾ ਦੀ ਸਹਾਇਤਾ ਨਾਲ ਗੁਰੂ ਜੀ ਦੇ ਧੜ ਨੂੰ ਚਾਂਦਨੀ ਚੌਕ ਵਿਚੋਂ ਚੁਕ ਕੇ ਆਪਣੇ ਘਰ (ਰਾਏਸੀਨਾ, ਗੁਰਦੁਆਰਾ ਰਕਾਬ ਗੰਜ ਸਾਹਿਬ) ਵਿਖੇ ਲਿਜਾ ਕੇ ਬੜੇ ਅਦਬ ਨਾਲ ਸਸਕਾਰ ਕੀਤਾ ਤੇ ਫਿਰ ਗੁਰੂ ਤੇਗ਼ ਬਹਾਦਰ ਜੀ ਦੀਆਂ ਅਸਤੀਆਂ ਲੈ ਕੇ ਆਨੰਦਪੁਰ ਸਾਹਿਬ ਪਹੁੰਚਿਆ।” ਇਸ ਸਫ਼ਰ ਵਿਚ ਉਸਦੇ ਨਾਲ ਉਸਦਾ ਪੁੱਤਰ ਨਿਗਾਹੀਆ ਅਤੇ ਇਕ ਹੋਰ ਸਿੱਖ ਭਾਈ ਤੁਲਸੀਆ ਵੀ ਸੀ। ਆਨੰਦਪੁਰ ਪਹੁੰਚਣ ਤੇ ਗੁਰੂ ਗੋਬਿੰਦ ਰਾਇ (ਗੁਰੂ ਗੋਬਿੰਦ ਸਿੰਘ) ਨੇ ਇਨ੍ਹਾਂ ਸਿੱਖਾਂ ਦੀ ਸ਼ਰਧਾ ਅਤੇ ਬਹਾਦਰੀ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਨ੍ਹਾਂ ਨੂੰ ਗੱਲ ਨਾਲ ਲਗਾ ਕੇ ਅਸ਼ੀਰਵਾਦ ਦਿਤੀ। ਗੁਰਦੁਆਰਾ ਰਕਾਬ ਗੰਜ ਸਾਹਿਬ ਵਾਲੇ ਸਥਾਨ ਤੇ ਭਾਈ ਲੱਖੀ ਸ਼ਾਹ ਵਣਜਾਰੇ ਦੀ ਯਾਦ ਵਿਚ ਉਨ੍ਹਾਂ ਦੇ ਨਾਮ ਤੇ ਇਕ ਵਿਸ਼ਾਲ ਦੀਵਾਨ ਹਾਲ ਸਥਾਪਿਤ ਹੈ, ਜਿਥੇ ਗੁਰੂ ਨਾਨਕ ਦੇਵ ਜੀ, ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਬੜੀ ਸ਼ਰਧਾ ਪੂਰਵਕ ਮਨਾਏ ਜਾਂਦੇ ਹਨ ਤੇ ਇਸ ਬਹਾਦਰ ਯੋਧੇ ਦੇ ਕਾਰਨਾਮਿਆਂ ਨੂੰ ਯਾਦ ਕੀਤਾ ਜਾਂਦਾ ਹੈ।
ਭਾਈ ਲੱਖੀ ਸ਼ਾਹ ਵਣਜਾਰਾ ਦਿੱਲੀ ਦਾ ਇਕ ਬਾ-ਰਸੂਖ (ਠੇਕੇਦਾਰ) ਸਿੱਖ ਸੀ। ਇਸ ਦੇ ਵਡੇਰੇ ਪਿੰਡ ਖੈਰਪੁਰ ਸੱਦਾਤ ਤਸੀਲ ਅਲੀਪੁਰ ਜਿਲ੍ਹਾਂ ਮੁਜ਼ਫਰਗੜ੍ਹ ਦੇ ਰਹਿਣ ਵਾਲੇ ਸਨ। ਇਨ੍ਹਾਂ ਦੇ ਪਿਤਾ ਦਾ ਨਾਮ ਭਾਈ ਗੋਧੂ ਅਤੇ ਦਾਦੇ ਦਾ ਨਾਮ ਭਾਈ ਠਾਕਰ ਸੀ। ਭਾਈ ਲੱਖੀ ਸ਼ਾਹ ਦੇ ਅੱਠ ਪੁੱਤਰ ਸਨ- ਭਾਈ ਨਗਾਹੀਆ, ਹੇਮਾ, ਹਾੜੀ, ਸੀਤੂ, ਪੰਡਾਰਾ, ਬਖ਼ਸ਼ੀ, ਬਾਲਾ, ਅਤੇ ਜਬਾਹਰ ਜੋ ਪਿਤਾ ਵਾਂਗ ਰਜੇ ਪੁੱਜੇ ਠੇਕੇਦਾਰ ਅਤੇ ਗੁਰੂ ਘਰ ਦੇ ਸ਼ਰਧਾਵਾਨ ਸਿੱਖ ਸਨ। ਭਾਈ ਲੱਖੀ ਸ਼ਾਹ ਦੀ ਸਪੁੱਤਰੀ ਸੀਤੋਬਾਈ, ਸਿੱਖ ਇਤਿਹਾਸ ਦੇ ਮਹਾਨ ਸ਼ਹੀਦ (ਕਰਤਾ ਗਿਆਨ ਰਤਨਾਵਲੀ, ਸਿਖਾਂ ਦੀ ਭਗਤਮਾਲਾ) ਭਾਈ ਮਨੀ ਸਿੰਘ ਨਾਲ ਵਿਆਹੀ ਹੋਈ ਸੀ। ਸੋ ਇਸ ਤਰ੍ਹਾਂ ਲੱਖੀ ਸ਼ਾਹ ਦਾ ਘਰਾਣਾ ਸਿੱਖੀ ਸਿਦਕ ਅਤੇ ਧੰਨ ਦੌਲਤ ਦੋਹਾਂ ਨਾਲ ਭਰਪੂਰ ਸੀ।
ਭਾਈ ਲੱਖੀ ਸ਼ਾਹ ਸ਼ਾਹੀ ਕਿਲ੍ਹੇ ਵਿਚ ਕਈ ਪ੍ਰਕਾਰ ਦੀਆਂ ਵਸਤਾਂ ਸਪਲਾਈ ਕਰਿਆ ਕਰਦਾ ਸੀ। ਜਿਸ ਦਿਨ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ, ਉਸੇ ਦਿਨ ਉਹ ਆਪਣੇ ਟਾਂਡੇ ਸਮੇਤ (ਜਿਸ ਵਿਚ ਚੂਨਾਂ ਲਦਿਆ ਸੀ) ਨਾਰਨੌਲ ਤੋਂ ਦਿੱਲੀ ਪਹੁੰਚਿਆ ਸੀ। ਉਹ ਆਪਣੇ ਬੈਲ ਅਤੇ ਗੱਡਿਆਂ ਸਮੇਤ ਜਮਨਾਂ ਕੰਢੇ ਠਹਿਰਿਆ ਹੋਇਆ ਸੀ ਜਦੋਂ ਭਾਈ ਆਗਿਆ, ਭਾਈ ਨਾਨੂੰ, ਭਾਈ ਤੁਲਸੀਆ ਅਤੇ ਭਾਈ ਜੈਤਾ ਆਦਿ ਸਿੱਖ ਕੂਚਾ ਦਿਲਵਾਲੀ ਚੋਂ ਚਲ ਕੇ ਉਸ ਕੋਲ ਪਹੁੰਚੇ ਸਨ ਅਤੇ ਗੁਰੂ ਤੇਗ਼ ਬਹਾਦਰ ਜੀ, ਭਾਈ ਮਤੀ ਦਾਸ, ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ ਦੇ ਸ਼ਹੀਦ ਹੋ ਜਾਣ ਦੀ ਦੁਖਦਾਈ ਖ਼ਬਰ ਉਸਨੂੰ ਦਸੀ ਸੀ। ਜਿਵੇਂ ਕਿ ਇਹ ਫੈਸਲਾ ਕੀਤਾ ਗਿਆ ਸੀ ਭਾਈ ਜੈਤਾ ਤਾਂ ਗੁਰੂ ਜੀ ਦਾ ਸੀਸ ਚੁਕ ਕੇ ਆਨੰਦਪੁਰ ਸਾਹਿਬ ਲਈ ਚਲ ਪਿਆ ਅਤੇ ਭਾਈ ਲੱਖੀ ਸ਼ਾਹ ਨੇ ਗੁਰੂ ਜੀ ਦੇ ਧੜ ਨੂੰ ਆਪਣੇ ਘਰ ਲਿਜਾ ਕੇ, ਆਪਣੇ ਘਰ ਦੀਆਂ ਵਸਤਾਂ ਦੀ ਚਿੱਖਾ ਤਿਆਰ ਕਰਕੇ, ਆਪਣੇ ਘਰ ਨੂੰ ਅੱਗ ਲਗਾ ਦਿਤੀ ਸੀ। ਕਿਹਾ ਜਾਂਦਾ ਹੈ ਕਿ ਪੁਲਿਸ ਦਾ ਇਕ ਦਸਤਾ ਧੜ ਦੀ ਖੋਜ ਵਿਚ ਉਥੇ ਮੌਕੇ ਤੇ ਪਹੁੰਚਿਆ, ਪਰ ਜਦੋਂ ਉਨ੍ਹਾਂ ਨੇ ਘਰ ਦੇ ਸਾਰੇ ਬੰਦਿਆਂ ਨੂੰ ਰੋਂਦਿਆ ਅਤੇ ਢਾਹਾਂ ਮਾਰਦਿਆਂ ਵੇਖਿਆ ਤਾਂ ਉਹ ਵਾਪਸ ਚਲੇ ਗਏ। ਇਸ ਸਬੰਧ ਵਿਚ ਡਾ: ਹਰੀ ਰਾਮ ਗੁਪਤਾ ਲਿਖਦਾ ਹੈ।
Lakhi put the body at the suitable place and piled all the wood, wooden articles, clothes, ghi available in the house, heaped up cotton on it, and then set fire to the house to avoid detection. In the morning the entire staff at Kotwali was horrified at the disapperance of Guru’s head and body. The police was immediately put on the alert, and a thorough search was made everywhere. Some horsemen rushed along the road to Sonepat, making enquiries from passers by. Another posse of policemen hurried to Rakab Ganj. They found Lakhi’s house reduced to ashes, and inmates bewailing and crying, so they returned… Cremation of the body took place 12 minutes before dawn on Maghar
ਲੱਖੀ ਸ਼ਾਹ ਦਾ ਦੇਹਾਂਤ ਆਪਣੇ ਪਿੰਡ ਰਾਇਸੀਨਾ (ਦਿੱਲੀ) ਵਿਖੇ ਜੇਠ ਸੁਦੀ, ਇਕਾਦਸੀ, ੩੦ ਜੇਠ ੧੭੩੭ ਬਿਕ੍ਰਮੀ ਨੂੰ ਹੋਇਆ।” ਇਨ੍ਹਾਂ ਦਾ ਪੁੱਤਰ ਭਾਈ ਹੇਮਾ, ਮੱਘਰ ਵਦੀ ਪੰਚਮੀ ੧੭੬੦ ਬਿਕ੍ਰਮੀ ਨੂੰ ਆਨੰਦਪੁਰ ਦੀ ਜੰਗ ਵਿਚ ਸ਼ਹੀਦ ਹੋਇਆ ਸੀ ਜਦ ਕਿ ਸਭ ਤੋਂ ਵੱਡਾ ਪੁੱਤਰ ਭਾਈ ਨਗਾਹੀਆ ੧੫ ਵਿਸਾਖ ੧੭੬੬ ਬਿਕ੍ਰਮੀ (ਅਪ੍ਰੈਲ ੧੭੦੯ ਈਸਵੀ) ਨੂੰ ਲਾਹੌਰ ਤੋਂ ਭੇਜੀ ਗਈ ਮੁਗ਼ਲ ਸੈਨਾਂ ਵਿਰੁਧ ਲੜਦਾ ਹੋਇਆ ਗੁਰੂ ਦੇ ਚੱਕ, ਅੰਮ੍ਰਿਤਸਰ ਵਿਖੇ ਸ਼ਹੀਦ ਹੋਇਆ। ਕੇਸੋ ਭੱਟ ਨੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਮਗਰੋਂ ਨਗਰ ਵਿਚ ਵਾਪਰੀ ਹਫੜਾ ਦਫੜੀ ਅਤੇ ਲੱਖੀ ਸ਼ਾਹ ਵਣਜਾਰੇ ਦੀ ਬੰਸ ਦੀ ਮਹਿਮਾ ਕਰਦਿਆਂ ਲਿਖਿਆ ਹੈ:
ਚਲਾ ਚਲਾਈ ਹੋ ਰਹੀ ਗਢ ਗਢ ਉਖਰੇ ਮੇਖ
ਲਖੀ ਨਗਾਹੀਆ ਲੈ ਚਲੈ, ਤੂ ਖੜਾ ਤਮਾਸ਼ਾ ਦੇਖ ਲਖੀ ਨਗਾਹੀਆ ਲਖ ਗਏ, ਹੇਮ ਹੜਾਊ ਆਠ, ਸਖਾ ਸਰੀਖਾ ਲਖ ਗਏ, ਬਹੁਰ ਨ ਆਏ ਇਸ ਬਾਟ ਸਿਮਰ ਭਟ ਤਉ ਸਤਿਗੁਰੂ ਅਪਣਾ, ਧੰਨ ਧਉਲਾ ਗੜ੍ਹ ਧਾਰਾ, ਹੁਕਮ ਹੂਆ ਸੱਚੇ ਸਾਹਿਬ ਕਾ, ਲਖੀ ਬੜਤੀਆ ਸ੍ਵਰਗ ਸਿਧਾਰਾ। ਆਠੋਂ ਬੇਟੇ ਹੋਇ ਇਕੱਠੇ, ਕਾਜ ਕਰਨ ਦੀ ਬਾਰਾ ਨਗਾਹੀਆ, ਹੇਮਾ, ਹਾੜੀ, ਆਏ, ਆਇਆ ਸੀਤੂ ਤੇ ਪੰਡਾਰਾ। ਬਖ਼ਸ਼ੀ, ਬਾਲਾ, ਜਬਾਹਰ ਆਏ, ਬੰਧੇ ਬਰਛੀ ਕਮਰ ਕਟਾਰਾ, ਮਹਿੰਗੇ ਮੋਲ ਊਠ ਮੰਗਾਏ, ਚੜ੍ਹਨੇ ਕੋ ਘੋੜੇ ਕਾਨੋਂ ਮੈ ਬਾਰਾ ਨਗਾਹੀਏ ਕੈ ਸਿਰਿ ਪਾਗ ਬੰਧਾਈ,
ਬੰਸ ਠਾਕੁਰ ਕਾ ਉਜਯਾਰਾ
ਜਸੁ ਜੋੜਿ ਕੇਸੋ ਭੱਟ ਭਣਿਆ,
ਸਾਲ ਸ
ਸੈ ਸੈਂਤੀਆ ਹੋਈ ਜੈ ਜੈ ਕਾਰਾ।
(ਭੱਟ ਵਹੀ ਜਾਦੋ ਬੰਸੀ, ਬੜਤੀਆ ਕੀ)
ਗੁਰੂ ਕਰੇ ਜਿਸ ਸ਼ਰਧਾ, ਤਿਆਗ, ਕੁਰਬਾਨੀ ਅਤੇ ਏਕੇ ਦਾ ਸਬੂਤ ਭਾਈ ਜੈਤਾ, ਭਾਈ ਲੱਖੀ ਸ਼ਾਹ, ਭਾਈ ਨਾਨੂੰ, ਭਾਈ ਊਦਾ, ਭਾਈ ਆਗਿਆ, ਭਾਈ ਤੁਲਸੀ ਅਤੇ ਹੋਰ ਸਿੱਖਾਂ ਨੇ ੧੬੭੫ ਈ. ਵਿਚ ਦਿਤਾ, ਅਸੀਂ ਵੀ ਉਨ੍ਹਾਂ ਗੁਣਾਂ ਨੂੰ ਅਪਣਾ ਕੇ ਇਕਵੀਂ ਸਦੀ ਵਿਚ ਪ੍ਰਵੇਸ਼ ਕਰੀਏ।।
ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।।

