ਦੂਜਾ ਪੜਾ
ਸਾਰੀ ਰਾਤ ਭਾਈ ਜੈਤਾ ਅਤੇ ਭਾਈ ਦੇਵਾ ਰਾਮ ਬਾਣੀ ਦਾ ਪਾਠ ਕਰਦੇ ਰਹੇ। ਭਾਈ ਦੇਵਾ ਰਾਮ ਦਾ ਸਾਰਾ ਪ੍ਰਵਾਰ ਪੂਰੀ ਰਾਤ ਜਾਗਦਾ ਰਿਹਾ। ਧੰਨ ਸੀ ਉਹ ਗੁਰੂ ਕਾ ਸਿੱਖ ਜੋ ਚਾਂਦਨੀ ਚੌਕ ਤੋਂ ਗੁਰੂ ਤੇਗ਼ ਬਹਾਦਰ ਜੀ ਦੇ ਸੀਸ ਨੂੰ ਚੁਕ ਲਿਆਇਆ ਸੀ ਅਤੇ ਧੰਨ ਸੀ ਗੁਰੂ ਕਾ ਉਹ ਸਿੱਖ ਜਿਸ ਨੇ ਸ਼ਾਹੀ ਕਰੋਪੀ ਦੀ ਰਤਾ ਜਿੰਨੀ ਵੀ ਪ੍ਰਵਾਹ ਕੀਤੇ ਬਗ਼ੈਰ ਗੁਰੂ ਜੀ ਦੇ ਸੀਸ ਨੂੰ ਰਾਤ ਭਰ ਲਈ ਆਪਣੇ ਘਰ ਰਖਿਆ ਅਤੇ ਪਹਿਰਾ ਦਿਤਾ ਸੀ।
ਪਹੁ ਫੁਟਾਲਾ ਹੋਣ ਤੋਂ ਪਹਿਲਾਂ ਹੀ ਭਾਈ ਜੈਤਾ ਗੁਰੂ ਜੀ ਦੇ ਸੀਸ ਨੂੰ ਚੁਕ ਕੇ ਅੱਗੇ ਵਲ ਚਲ ਪਇਆ। ਉਸ ਦੇ ਬਾਕੀ ਤਿੰਨੋ ਸਾਥੀ ਉਸੇ ਤਰ੍ਹਾਂ ਅਗੇ ਪਿੱਛੇ ਹੋ ਕੇ ਉਸਦੇ ਨਾਲ ਸਫ਼ਰ ਕਰ ਰਹੇ ਸਨ ਜਿਵੇਂ ਉਹ ਦਿੱਲੀ ਤੋਂ ਚਲ ਕੇ ਤਾਵੜੀ ਤਕ ਪਹੁੰਚੇ ਸਨ। ਉਨ੍ਹਾਂ ਦੀ ਨਜ਼ਰ ਅਨੰਦਪੁਰ ਸਾਹਿਬ ਵਲ ਤੇ ਹੱਥ ਘੋੜੇ ਦੀ ਲਗਾਮ ਅਤੇ ਤਲਵਾਰ ਤੇ ਸਨ। ਕੀ ਪਤਾ ਕਿਥੇ, ਕਿਸ ਵੇਲੇ ਮੁਗ਼ਲਾਂ ਦੇ ਕਿਸੀ ਗਸ਼ਤੀ ਟੋਲੇ ਨਾਲ ਮੁੱਠ ਭੇੜ ਹੋ ਜਾਵੇ ?
ਅੰਬਾਲਾ
ਤ੍ਰਾਵੜੀ ਤੋਂ ਚਲ ਕੇ ਨਿਝੱਰ ਸਿੱਖਾਂ ਦਾ ਇਹ ਦਸਤਾ ਸਵੇਰ ਹੋਣ ਤਕ ਅੰਬਾਲਾ ਪਹੁੰਚ ਗਿਆ। ਪੁਰਾਨੇ ਵਕਤਾਂ ਵਿਚ ਇਸ ਨਗਰ ਦੇ ਪੂਰਬ ਵਲ ਟਾਂਗਰੀ ਨਦੀ ਵਗਦੀ ਸੀ।“ ਹੁਣ ਇਹ ਨਦੀ ਅੰਬਾਲਾ ਛਾਉਣੀ ਦੇ ਨਾਲ ਹੋ ਕੇ ਵਗਦੀ ਹੈ।
ਜਦੋਂ ਭਾਈ ਜੈਤਾ ਅਤੇ ਉਸ ਦੇ ਸਾਥੀ ਗੁਰੂ ਜੀ ਦਾ ਸੀਸ ਲੈ ਕੇ ਇਥੇ ਆਏ ਤਾਂ ਉਹ ਜਗ੍ਹਾਧਰੀ ਗੇਟ ਵਲੋਂ ਸ਼ਹਿਰ ਵਿਚ ਦਾਖਲ ਹੋਏ ਸਨ। ਉਨ੍ਹਾਂ ਜੋੜੇ ਉਤਾਰ ਕੇ ਟਾਂਗਰੀ ਨਦੀ ਪਾਰ ਕੀਤੀ ਅਤੇ ਪਤਣ ਦੇ ਪਾਰ ਇਕ ਜੰਡ ਦੇ ਦਰਖ਼ਤ ਹੇਠਾਂ ਗੁਰੂ ਸਾਹਿਬ ਦਾ ਸੀਸ ਰੱਖ ਕੇ ਕੁੱਝ ਚਿਰ ਆਰਾਮ ਕੀਤਾ।
ਸ਼ਹਿਰ ਅੰਬਾਲਾ ਜਰਨੈਲੀ ਸੜਕ ਤੇ ਸੀ, ਇਸੇ ਕਰਕੇ ਇਥੇ ਪਕੜੇ ਜਾਣ ਦਾ ਡਰ ਵਧੇਰੇ ਸੀ। ਮੁਗ਼ਲ ਸੈਨਾ ਅਤੇ ਵਿਉਪਾਰੀ ਅਕਸਰ ਦਿੱਲੀ ਤੋਂ ਲਾਹੌਰ ਤੇ ਲਾਹੌਰ ਤੋਂ ਅੱਗੇ ਕਾਬਲ ਇਸੇ ਰਸਤੇ ਰਾਹੀਂ ਸਫਰ ਕਰਦੇ ਰਹਿੰਦੇ ਸਨ। ਲਗਦਾ ਹੈ ਭਾਈ ਜੈਤਾ ਨੂੰ ਇਸ ਗੱਲ ਦੀ ਭਿਣਕ ਪੈ ਗਈ ਹੋਵੇਗੀ ਕਿ ਮੁਗਲ ਸੈਨਿਕਾਂ ਦੇ ਗਸ਼ਤੀ ਦਸਤੇ ਦੂਰ ਦੂਰ ਤਕ ਤਲਾਸ਼ ਕਰਦੇ ਫਿਰ ਰਹੇ ਸਨ ਕਿ ਆਖ਼ਰ ਗੁਰੂ ਜੀ ਦਾ ਸੀਸ, ਧੜ ਅਤੇ ਉਨ੍ਹਾਂ ਸ਼ਹੀਦ ਸਿੱਖਾਂ ਦੇ ਸਰੀਰ ਕਿੱਥੇ ਗਾਇਬ ਹੋ ਗਏ ਹਨ। ਭਾਈ ਜੈਤਾ ਨੇ ਇਥੇ ਹੀ ਕਿਸੇ ਟਿਕਾਣੇ ਤੇ ਰਾਤ ਬਿਤਾਣ ਦਾ ਫੈਸਲਾ ਕਰ ਲਿਆ।
ਦਰਿਆ ਟਾਂਗਰੀ ਪਾਰ ਕਰਕੇ ਅਤੇ ਜੰਡ ਦੇ ਹੇਠਾਂ ਸਤਿਕਾਰ ਨਾਲ ਸੀਸ ਟਿਕਾ ਕੇ ਉਨ੍ਹਾਂ ਨੇ ਕਿਸੇ ਸਿੱਖ ਦੇ ਘਰ ਦਾ ਪਤਾ ਪੁਛਿਆ। ਉਨ੍ਹਾਂ ਨੂੰ ਇਕ ਬਜ਼ੁਰਗ ਮਹਿਰ ਧੂਮੀਆਂ (ਗੁੱਜਰ) ਤੋਂ ਪਤਾ ਚਲਿਆ ਕਿ ਕੈਂਥ ਮਾਜਰੀ ਵਿਚ ਹਿੰਦੂਆਂ ਦੇ ਕੁਝ ਘਰ ਹਨ। ਇਨ੍ਹਾਂ ਵਿਚੋਂ ਬਹੁਤੇ ਜੁਲਾਹੇ, ਰਮਦਾਸੀਏ ਅਤੇ ਸੈਣੀ ਜਾਤਿ ਦੇ ਹਿੰਦੂ ਹਨ। ਪਰ ਉਹ ਗੁਰੂ ਘਰ ਨੂੰ ਮੰਨਦੇ ਅਤੇ ਆਪਣੇ ਆਪ ਨੂੰ ਗੁਰੂ ਕੇ ਸਿੱਖ ਆਖਦੇ ਹਨ। ਉਸ ਮੁਹੱਲੇ ਦੇ ਨਾਲ ਹੀ ਪੀਰ ਤਵੇਂਕਲ ਸ਼ਾਹ ਦਾ ਤਕੀਆ ਹੈ ਅਤੇ ਉਹ ਵੀ ਗੁਰੂ ਘਰ ਦਾ ਸ਼ਰਧਾਲੂ ਹੈ। ਭਾਈ ਜੈਤਾ ਜੰਡ ਵਾਲੀ ਥਾਂ ਤੋਂ ਸੀਸ ਨੂੰ ਲੈ ਕੇ ਕੁਮਾਹਰਾਂ ਦੇ ਮੁਹੱਲੇ ਪੁੱਜਾ ਜਿਥੇ ਭਾਈ ਰਾਮ ਦੇਵਾ ਨਾਮ ਦਾ ਇਕ ਸਿੱਖ ਰਿਹਾ ਕਰਦਾ ਸੀ। ਭਾਈ ਜੈਤਾ ਨੇ ਉਸ ਨਾਲ ਗੱਲ ਕੀਤੀ ਤੇ ਦਿੱਲੀ ਵਿਚ ਵਾਪਰੀ ਸਾਰੀ ਘਟਨਾ ਦਾ ਜ਼ਿਕਰ ਉਸ ਅਗੇ ਕਰ ਦਿਤਾ। ਜਦੋਂ ਉਸ ਨੂੰ (ਭਾਈ ਜੈਤਾ ਨੂੰ) ਯਕੀਨ ਹੋ ਗਿਆ ਕਿ ਇਹ ਥਾਂ ਹਰ ਲਿਹਾਜ਼ ਨਾਲ ਸੁਰਖ਼ਸ਼ਿਤ ਹੈ ਤਾਂ ਉਸ ਨੇ ਰਾਤ ਇਥੇ ਹੀ ਬਿਤਾਣ ਦਾ ਨਿਸ਼ਚਾ ਕਰ ਲਿਆ। ਭਾਈ ਜੈਤਾ ਦੋ ਦਿਨ ਦਾ ਅਨੀਂਦਰਾ ਸੀ। ਇਥੇ ਪਹੁੰਚ ਕੇ ਉਸ ਨੇ ਕੁਝ ਆਰਾਮ ਕੀਤਾ ਅਤੇ ਭਾਈ ਰਾਮਦੇਵਾ ਗੁਰੂਜੀ ਦੇ ਸੀਸ ਤੇ ਪਹਿਰਾ ਦੇਂਦਾ ਰਿਹਾ। ਸਵੇਰ ਹੋਣ ਤੋਂ ਪਹਿਲਾਂ ਹੀ ਭਾਈ ਜੈਤਾ ਅਤੇ ਉਨ੍ਹਾਂ ਦੇ ਬਾਕੀ ਸਾਥੀ ਬਨੂੜ ਵਲ ਚਲ ਪਏ।
ਭਾਈ ਰਾਮ ਦੇਵਾ ਜਿਨਾ ਚਿਰ ਜਿਊਂਦਾ ਰਿਹਾ, ਉਨ੍ਹਾਂ ਦੇ ਸਾਰੇ ਪ੍ਰਵਾਰ ਨੇ ਗੁਰੂ ਜੀ ਦੇ ਸੀਸ ਰਖਣ ਵਾਲੀ ਥਾਂ ਤੇ ਹਮੇਸ਼ਾਂ ਦੀਵਾ ਬੱਤੀ ਜਗਾਣ ਦੀ ਸੇਵਾ ਕੀਤੀ। ਇਸ ਅਸਥਾਨ ਦੇ ਨਜ਼ਦੀਕ ਬੈਠ ਕੇ ਉਹ ਗੁਰਬਾਣੀ ਦਾ ਪਾਠ ਅਤੇ ਨਾਮ ਸਿਮਰਨ ਕਰਿਆ ਕਰਦੇ ਸਨ। ਮਗਰੋਂ ਸਥਾਨਕ ਮੁਸਲਮਾਨਾਂ ਨੇ ਹਿੰਦੂਆਂ ਨਾਲ ਝਗੜਾ ਪਾ ਕੇ ਇਸ ਬਸਤੀ ਨੂੰ ਨਸ਼ਟ ਕਰ ਦਿਤਾ। ਬਸਤੀ ਵਾਲੀ ਥਾਂ ਤੇ ਕਿਕਰਾਂ ਦੇ ਸੰਘਣੇ ਝੁੰਡ ਉੱਗ ਪਏ ਤੇ ਇਹ ਸਾਰੀ ਥਾਂ ਰੁੱਖਾਂ ਨਾਲ ਢਕੀ ਗਈ। ਅਠਾਰ੍ਹਵੀਂ ਸਦੀ ਵਿਚ ਜਦੋਂ ਸ੍ਰ ਬਘੇਲ ਸਿੰਘ ਦੇ ਜਥੇ ਵਿਚੋਂ ਇਕ ਜਥੇਦਾਰ ਸ੍ਰ: ਮੇਹਰ ਸਿੰਘ ਫਿਰੋਜ਼ਪੁਰੀਏ ਨੇ ਅੰਬਾਲਾ ਸ਼ਹਿਰ ਤੇ ਕਬਜ਼ਾ ਕੀਤਾ ਤਾਂ ਉਸ ਥਾਂ ਦੀ ਭਾਲ ਸ਼ੁਰੂ ਹੋਈ ਜਿਥੇ ਗੁਰੂ ਜੀ ਦਾ ਸੀਸ ਰਖਿਆ ਗਿਆ ਸੀ। ਪਰ ਜਲਦੀ ਹੀ ਅੰਬਾਲਾ ਸ਼ਹਿਰ ਉਤੇ ਮੁਰੇਂਡੇ ਵਾਲੇ ਸ੍ਰ: ਗੁਰਬਖਸ਼ ਸਿੰਘ ਦਾ ਕਬਜ਼ਾ ਹੋ ਗਿਆ। ਕੁਝ ਚਿਰ ਬਾਦ ਸ੍ਰ: ਗੁਰਬਖਸ਼ ਸਿੰਘ ਪੰਜੋਖਰੇ ਨੇੜੇ ਹੋਈ ਇਕ ਲੜਾਈ ਵਿਚ ਸ਼ਹੀਦ ਹੋ ਗਿਆ। ਉਸ ਦੇ ਸ਼ਹੀਦ ਹੋ ਜਾਣ ਮਗਰੋਂ ਉਸਦੀ ਰਾਣੀ ਦਇਆ ਕੌਰ ਨੇ ਸੀਸ ਅਸਥਾਨ ਦੀ ਭਾਲ ਕਰਵਾ ਕੇ ਉਸਦੇ ਆਸ ਪਾਸ ਚਾਰ ਦੀਵਾਰੀ ਬਣਵਾ ਦਿੱਤੀ। ਹੁਣ ਇਸ ਅਸਥਾਨ ਤੇ ਗੁਰਦੁਆਰਾ ਸੀਸ ਗੰਜ (ਮੁਹੱਲਾ ਕੈਂਥ ਮਾਜਰੀ) ਯਾਦਗਾਰੀ ਅਸਥਾਨ ਹੈ। ਇਹ ਥਾਂ ਹਜ਼ਰਤ ਤਵੇਂਕਲ ਸ਼ਾਹ ਨਕਸ਼ਬੰਦੀ ਦੀ ਦਰਗਾਹ ਦੇ ਨਜ਼ਦੀਕ ਹੈ। ਇਸ ਦਾ ਪ੍ਰਬੰਧ ਗੁਰਦੁਆਰਾ ਮੰਜੀ ਸਾਹਿਬ ਦੀ ਕਮੇਟੀ ਦੇ ਅਧੀਨ ਹੈ।
ਦੂਜਾ ਗੁਰਦੁਆਰਾ ਸਤਿਸੰਗਤ ਪਾਤਸ਼ਾਹੀ ਨੌਵੀਂ ਅਤੇ ਦਸਵੀਂ
ਭਾਈ ਜੈਤਾ ਨੇ ਟਾਂਗਰੀ ਨਦੀ ਪਾਰ ਕਰਕੇ ਜਿਸ ਜੰਡ ਦੇ ਹੇਠਾਂ ਗੁਰੂ ਜੀ ਦੇ ਸੀਸ ਨੂੰ ਰੱਖ ਕੇ ਆਰਾਮ ਕੀਤਾ ਸੀ ਉਥੇ ਹੁਣ ਗੁਰਦੁਆਰਾ ਸਤਿਸੰਗਤ ਸਥਾਪਤ ਹੈ। ਇਸ ਗੁਰਦੁਆਰੇ ਦੇ ਕੋਲ ਹੀ ਰਾਣੀ ਦਇਆ ਕੌਰ (ਸੁਪਤਨੀ) ਸ੍ਰ: ਗੁਰਬਖਸ਼ ਸਿੰਘ ਦਾ ਕਿਲ੍ਹਾ ਅਤੇ ਖ਼ਤਰੀਆਂ ਤੇ ਬ੍ਰਾਹਮਣਾਂ ਦੇ ਕੁਝ ਘਰ ਹੋਇਆ ਕਰਦੇ ਸਨ। ਇਸਦੇ ਨਾਲ ਹੀ ਮੁਸਲਮਾਨ ਗੁੱਜਰ ਅਤੇ ਕੁਮਹਾਰਾਂ ਦੇ ਵੀ ਘਰ ਸਨ।
੧੭੦੨ ਵਿਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਕੁਰੂਸ਼ੇਤਰ ਜਾਂਦੇ ਹੋਏ ਅੰਬਾਲਾ ਸ਼ਹਿਰ ਰੁਕੇ ਤਾਂ ਇਥੇ ਹੀ ਮੇਹਰ ਧੂਮੀਆਂ (ਜਿਸ ਨੇ ਭਾਈ ਜੈਤਾ ਨੂੰ ਹਿੰਦੂਆਂ ਅਤੇ ਸਿੱਖਾਂ ਦੇ ਘਰਾਂ ਦਾ ਪਤਾ ਦਸਿਆ ਸੀ) ਗੁਰੂ ਜੀ ਨੂੰ ਆ ਕੇ ਮਿਲਿਆ। ਉਹ ਹੁਣ ਬਹੁਤ ਬਜ਼ੁਰਗ ਹੋ ਚੁਕਾ ਸੀ। ਉਸਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਜੰਡ ਦਾ ਵੀ ਪਤਾ ਦਸਿਆ ਜਿਥੇ ਭਾਈ ਜੈਤਾ ਨੇ ਟਾਂਗਰੀ ਨਦੀ ਪਾਰ ਕਰਕੇ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਰਖਿਆ ਸੀ। ਇੱਥੇ ਹੁਣ ਕੁਮਹਾਰਾਂ ਦੀਆਂ ਕੁਝ ਝੁੱਗੀਆਂ ਵੀ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਜੰਡ ਵਾਲੀ ਥਾਂ ਨੂੰ ਸਾਫ ਕਰਵਾ ਕੇ ਉਥੇ ਇਕ ਥੜ੍ਹਾ ਬਣਵਾਇਆ। ਆਪ ਇਥੇ ੧੪ ਦਿਨ ਠਹਿਰੇ ਅਤੇ ਹਰ ਰੋਜ਼ ਸਤਿ ਸੰਗਤ ਹੁੰਦੀ ਰਹੀ। ਗੁਰੂ ਜੀ ਦਾ ਇਥੇ ਆਉਣਾ ਸੁਣ ਕੇ ਸੰਗਤਾਂ ਦੂਰ ਦੂਰ ਤੋਂ ਆ ਕੇ ਜੁੜਣੀਆਂ ਸ਼ੁਰੂ ਹੋ ਗਈਆਂ। ਇਕ ਖੱਤਰੀ ਨੇ ਗੁਰੂ ਜੀ ਨੂੰ ੫੦੦ ਮੋਹਰਾਂ ਭੇਟ ਕਰਕੇ ਬੇਨਤੀ ਕੀਤੀ ਕਿ ਮਹਾਰਾਜ ਇਸ ਥੜ੍ਹੇ ਵਾਲੀ ਥਾਂ ਤੇ ਗੁਰੂ ਤੇਗ ਬਹਾਦਰ ਜੀ ਦੀ ਕੋਈ ਯਾਦਗਾਰ ਕਾਇਮ ਰਹੇ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਇਹ ਅਸਥਾਨ ਬਜ਼ੁਰਗਾਂ ਦਾ ਹੈ, ਅਸੀਂ ਤਾਂ ਇਥੇ ਕੇਵਲ ਸਤਿਸੰਗਤ ਕਰਨ ਆਏ ਹਾਂ। ਸਮਾਂ ਪਾ ਕੇ ਸਾਡੇ ਸਿੱਖ ਆਪ ਹੀ ਇਸ ਥਾਂ ਦੀ ਸੇਵਾ ਸੰਭਾਲ ਕਰ ਲੈਣਗੇ। ਹੁਣ ਉਸੇ ਜੰਡ ਵਾਲੀ ਥਾਂ ਤੇ (ਜਿੱਥੇ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਰੱਖਿਆ ਗਿਆ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਸਤਿਸੰਗਤ ਕਰਦੇ ਰਹੇ ਸਨ), ਗੁਰਦੁਆਰਾ ਸਤਿ ਸੰਗਤ ਪਾਤਸ਼ਾਹੀ ਨੌਵੀਂ ਅਤੇ ਦਸਵੀਂ, ਸੁਭਾਇਮਾਨ ਹੈ। ੧੯੩੪-੩੫ ਤਕ ਇਸ ਗੁਰਦੁਆਰੇ ਦਾ ਪ੍ਰਬੰਧ ਪ੍ਰਾਈਵੇਟ ਹੱਥਾਂ ਵਿਚ ਸੀ ਪਰ ਹੁਣ ਇਸ ਦਾ ਪ੍ਰਬੰਧ ਗੁਰਦੁਆਰਾ ਮੰਜੀ ਸਾਹਿਬ (ਅੰਬਾਲਾ) ਦੀ ਕਮੇਟੀ ਅਧੀਨ ਹੈ।”

