ਦੋਹਰਾ ॥
ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥
ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥੫੩॥
ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥
ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥੫੪॥
ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ ॥
ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥੫੫॥
ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦੁ ॥
ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰ ਮੰਤੁ ॥੫੬॥
ਰਾਮ ਨਾਮੁ ਉਰ ਮੈ ਗਹਿਓ ਜਾ ਕੈ ਸਮ ਨਹੀ ਕੋਇ ॥
ਜਿਹ ਸਿਮਰਤ ਸੰਕਟ ਮਿਟੈ ਦਰਸੁ ਤੁਹਾਰੋ ਹੋਇ ॥੫੭॥੧॥
ਅਰਥ: ਹੇ ਭਾਈ! (ਪ੍ਰਭੂ ਦੇ ਨਾਮ ਤੋਂ ਵਿੱਛੁੜ ਕੇ ਜਦੋਂ ਮਾਇਆ ਦੇ ਮੋਹ ਦੀਆਂ) ਫਾਹੀਆਂ (ਮਨੁੱਖ ਨੂੰ) ਆ ਪੈਂਦੀਆਂ ਹਨ (ਉਹਨਾਂ ਫਾਹੀਆਂ ਨੂੰ ਕੱਟਣ ਲਈ ਮਨੁੱਖ ਦੇ ਅੰਦਰੋਂ ਆਤਮਕ) ਤਾਕਤ ਮੁੱਕ ਜਾਂਦੀ ਹੈ (ਮਾਇਆ ਦਾ ਟਾਕਰਾ ਕਰਨ ਲਈ ਮਨੁੱਖ ਪਾਸੋਂ) ਕੋਈ ਭੀ ਹੀਲਾ ਨਹੀਂ ਕੀਤਾ ਜਾ ਸਕਦਾ। ਹੇ ਨਾਨਕ! ਆਖ– ਹੇ ਹਰੀ! ਇਹੋ ਜਿਹੇ ਵੇਲੇ (ਹੁਣ) ਤੇਰਾ ਹੀ ਆਸਰਾ ਹੈ। ਜਿਵੇਂ ਤੂੰ (ਤੇਂਦੂਏ ਤੋਂ ਛੁਡਾਣ ਲਈ) ਹਾਥੀ ਦਾ ਸਹਾਈ ਬਣਿਆ, ਤਿਵੇਂ ਸਹਾਈ ਬਣ। (ਭਾਵ, ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਹਾਸਲ ਕਰਨ ਲਈ ਪਰਮਾਤਮਾ ਦੇ ਦਰ ਤੇ ਅਰਦਾਸ ਹੀ ਇਕੋ ਇਕ ਵਸੀਲਾ ਹੈ) ।53।
ਹੇ ਭਾਈ! (ਜਦੋਂ ਮਨੁੱਖ ਪ੍ਰਭੂ ਦੇ ਦਰ ਤੇ ਡਿੱਗਦਾ ਹੈ, ਤਾਂ ਮਾਇਆ ਦਾ ਟਾਕਰਾ ਕਰਨ ਲਈ ਉਸ ਦੇ ਅੰਦਰ ਆਤਮਕ) ਬਲ ਪੈਦਾ ਹੋ ਜਾਂਦਾ ਹੈ (ਮਾਇਆ ਦੇ ਮੋਹ ਦੇ) ਬੰਧਨ ਟੁੱਟ ਜਾਂਦੇ ਹਨ (ਮੋਹ ਦਾ ਟਾਕਰਾ ਕਰਨ ਲਈ) ਹਰੇਕ ਹੀਲਾ ਸਫਲ ਹੋ ਸਕਦਾ ਹੈ। ਸੋ, ਹੇ ਨਾਨਕ! (ਆਖ– ਹੇ ਪ੍ਰਭੂ!) ਸਭ ਕੁਝ ਤੇਰੇ ਹੱਥ ਵਿਚ ਹੈ (ਤੇਰੀ ਪੈਦਾ ਕੀਤੀ ਮਾਇਆ ਭੀ ਤੇਰੇ ਹੀ ਅਧੀਨ ਹੈ, ਇਸ ਤੋਂ ਬਚਣ ਲਈ) ਤੂੰ ਹੀ ਮਦਦਗਾਰ ਹੋ ਸਕਦਾ ਹੈਂ।54।
ਹੇ ਨਾਨਕ! ਆਖ– (ਜਦੋਂ ਅੰਤ ਵੇਲੇ) ਸਾਰੇ ਸਾਥੀ ਸੰਗੀ ਛੱਡ ਜਾਂਦੇ ਹਨ, ਜਦੋਂ ਕੋਈ ਭੀ ਸਾਥ ਨਹੀਂ ਨਿਬਾਹ ਸਕਦਾ, ਉਸ (ਇਕੱਲੇ-ਪਨ ਦੀ) ਮੁਸੀਬਤ ਵੇਲੇ ਭੀ ਸਿਰਫ਼ ਪਰਮਾਤਮਾ ਦਾ ਹੀ ਸਹਾਰਾ ਹੁੰਦਾ ਹੈ (ਸੋ, ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰੋ) ।55।
ਹੇ ਨਾਨਕ! ਆਖ– ਹੇ ਭਾਈ! ਇਸ ਦੁਨੀਆ ਵਿਚ ਜਿਸ ਕਿਸੇ (ਮਨੁੱਖ) ਨੇ (ਹਰਿ ਨਾਮ ਸਿਮਰਨ ਵਾਲਾ) ਗੁਰੂ ਦਾ ਉਪਦੇਸ਼ ਆਪਣੇ ਅੰਦਰ ਸਦਾ ਵਸਾਇਆ ਹੈ (ਤੇ ਨਾਮ ਜਪਿਆ ਹੈ, ਅੰਤ ਵੇਲੇ ਭੀ ਪਰਮਾਤਮਾ ਦਾ) ਨਾਮ (ਉਸ ਦੇ ਨਾਲ (ਰਹਿੰਦਾ ਹੈ, (ਬਾਣੀ ਦੇ ਰੂਪ ਵਿਚ) ਗੁਰੂ ਉਸ ਦੇ ਨਾਲ ਰਹਿੰਦਾ ਹੈ, ਅਕਾਲ ਪੁਰਖ ਉਸ ਦੇ ਨਾਲ ਹੈ।56।
ਹੇ ਪ੍ਰਭੂ! ਜਿਸ ਮਨੁੱਖ ਨੇ ਤੇਰਾ ਉਹ ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਅਤੇ ਜਿਸ ਨੂੰ ਸਿਮਰਿਆਂ ਹਰੇਕ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ, ਉਸ ਮਨੁੱਖ ਨੂੰ ਤੇਰਾ ਦਰਸ਼ਨ ਭੀ ਹੋ ਜਾਂਦਾ ਹੈ।57।1।

