ਗੁਰੂ ਤੇਗ਼ ਬਹਾਦਰ ਜੀ ਨਾਲ ਸ਼ਹੀਦ ਹੋਏ ਸਿੱਖਾਂ ਦਾ ਸਸਕਾਰ
ਜਿਸ ਦਿਨ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਉਸੇ ਦਿਨ ਬਾਬਾ ਬੁੱਢਾ ਦੀ ਅੰਸ਼ ਵਿਚੋਂ ਦਿੱਲੀ ਵਿਖੇ ਰਹਿ ਰਹੇ ਭਾਈ (ਬਾਬਾ) ਗੁਰਦਿੱਤਾ ਜੀ ਅਕਾਲ ਚਲਾਣਾ ਕਰ ਗਏ। ਸੰਭਾਵਨਾ ਹੈ ਕਿ ਉਨ੍ਹਾਂ ਦਾ ਸਸਕਾਰ ਉਸੇ ਥਾਂ ਤੇ ਕੀਤਾ ਗਿਆ ਜਿੱਥੇ (ਭੋਗਲ ਦੇ ਨੇੜੇ) ਗੁਰੂ ਹਰਿਕ੍ਰਿਸ਼ਨ ਜੀ ਦੇ ਪਵਿੱਤਰ ਸਰੀਰ ਦਾ ਸਸਕਾਰ ਕੀਤਾ ਗਿਆ ਸੀ।
ਜਿਸ ਰਾਤ ਦਿੱਲੀ ਦੇ ਸਿੱਖਾਂ ਨੇ ਪਹਿਰੇਦਾਰਾਂ ਦੇ ਅਵੇਸਲੇਪਨ, ਮੌਸਮ ਦੀ ਖ਼ਰਾਬੀ ਅਤੇ ਆਪਣੀ ਨਿਡਰਤਾ ਦਾ ਸਬੂਤ ਦੇ ਕੇ ਗੁਰੂ ਜੀ ਦੇ ਸੀਸ ਅਤੇ ਧੜ ਨੂੰ ਚੁਕਣ ਦਾ ਹੌਂਸਲਾ ਕੀਤਾ, ਤਾਂ ਮੁਗ਼ਲ ਹਕੂਮਤ ਦੇ ਕਰਮਚਾਰੀ ਇਸ ਗਲੋਂ ਪ੍ਰੇਸ਼ਾਨ ਸਨ ਕਿ ਔਰੰਗਜ਼ੇਬ ਦੀਆਂ ਸਖ਼ਤੀਆਂ ਦੇ ਬਾਵਜੂਦ ਇਹ ਕੌਣ ਲੋਕ ਸਨ ਜਿਨ੍ਹਾਂ ਨੇ ਰਾਜ ਦੀਆਂ ਅੱਖਾਂ ਵਿਚ ਘਟਾ ਪਾ ਕੇ ਆਪਣੇ ਸ਼ਹੀਦਾਂ ਨੂੰ ਚੁਕ ਲਿਜਾਣ ਦਾ ਜਿਗਰਾ ਕੀਤਾ ਸੀ। ਉਸ ਤੋਂ ਅਗਲੇ ਦਿਨ ਦਿਲਵਾਲੀ ਦੇ ਸਿੱਖਾਂ ਨੇ ਭਾਈ ਦਿਆਲ ਦਾਸ, ਭਾਈ ਮਤੀ ਦਾਸ, ਅਤੇ ਭਾਈ ਸਤੀ ਦਾਸ ਦੇ ਮ੍ਰਿਤਕ ਸਰੀਰਾਂ ਦਾ ਸਸਕਾਰ ਉਸੇ ਥਾਂ ਤੇ ਕਰ ਦਿਤਾ ਜਿਥੇ ਅਜੇ ਕਲ਼ ਹੀ ਉਨ੍ਹਾਂ ਨੇ ਬਾਬਾ ਗੁਰਦਿੱਤਾ ਜੀ ਦਾ ਸਸਕਾਰ ਕੀਤਾ ਸੀ।” ਇਹ ਦਿੱਲੀ ਦੇ ਸਿੱਖਾਂ ਦੀ ਆਪਣੇ ਸ਼ਹੀਦਾਂ ਪ੍ਰਤੀ ਫ਼ਰਜ਼ ਦੀ ਖੂਬਸੂਰਤ ਅਦਾਇਗੀ ਸੀ। ਦਿੱਲੀ ਦੇ ਸੂਬੇ (ਕੋਤਵਾਲ) ਨੇ ਇਨ੍ਹਾਂ ਤਿੰਨਾਂ ਦੀਆਂ ਲਾਸ਼ਾਂ ਨੂੰ ਚਾਂਦਨੀ ਚੌਕ ਵਿਚੋਂ ਚੁਕਵਾ ਕੇ ਇਕ ਪਾਸੇ ਸੁਟਵਾ ਦਿਤਾ ਸੀ।

