ਗੁਰੂ ਤੇਗ਼ ਬਹਾਦਰ ਜੀ ਦੇ ਨਾਲ ਸ਼ਹੀਦ ਹੋਣ ਵਾਲੇ ਸਿੱਖ
ਜਦੋਂ ਗੁਰੂ ਤੇਗ਼ ਬਹਾਦਰ ਜੀ ਨੂੰ ਗ੍ਰਿਫ਼ਤਾਰ ਕਰਕੇ ਦਿੱਲੀ ਲਿਆਂਦਾ ਗਿਆ ਤਾਂ ਉਨ੍ਹਾਂ ਦੇ ਨਾਲ ਪੰਜ ਮੁਖੀ ਸਿੱਖ ਵੀ ਸਨ: ਭਾਈ ਊਦਾ, ਭਾਈ ਗੁਰਦਿੱਤਾ, ਭਾਈ ਮਤੀਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ। ਗੁਰੂ ਜੀ ਨੇ ਪਹਿਲਾਂ ਹੀ ਭਾਈ ਊਦਾ ਅਤੇ ਭਾਈ ਗੁਰਦਿੱਤਾ ਜੀ ਨੂੰ ਕਹਿ ਦਿਤਾ ਸੀ ਕਿ ਉਹ ਦਿੱਲੀ ਵਿਚ ਹੀ ਰਹਿਣ। ਜੇ ਮੁਗ਼ਲ ਹਕੂਮਤ ਦੀ ਅਨਿਆਕਾਰੀ ਅਤੇ ਤੁਅਸਬੀ ਨੀਤੀ ਕਾਰਨ ਦਿੱਲੀ ਵਿਚ ਕੋਈ ਭਾਣਾ ਵਰਤ ਜਾਵੇ ਤਾਂ ਇਸ ਗੱਲ ਦੀ ਸੂਚਨਾ ਆਨੰਦਪੁਰ ਪਹੁੰਚਾ ਦੇਣ। ਜਿਨ੍ਹਾਂ ਤਿੰਨ ਸਿੱਖਾਂ ਨੂੰ ਗੁਰੂ ਜੀ ਦੇ ਨਾਲ ਬੰਦੀ ਖਾਨੇ ਵਿਚ ਕੈਦ ਰਖਿਆ ਗਿਆ ਉਨ੍ਹਾਂ ਵਿਚੋਂ ਦੋ ਸਕੇ ਭਰਾ ਸਨ: ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਜੀ ਅਤੇ ਤੀਸਰੇ ਭਾਈ ਦਿਆਲਾ ਜੀ ਅਨ੍ਹਾਰਵੀਂ ਸਦੀ ਦੇ ਮਹਾਨ ਵਿਦਵਾਨ ਅਤੇ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸਕੇ ਭਰਾ ਸਨ।
ਭਾਈ ਮਤੀਦਾਸ ਅਤੇ ਭਾਈ ਸਤੀ ਦਾਸ ਜੀ
ਇਹ ਦੋਵੇਂ ਭਰਾ ਭਾਈ ਪਿਰਾਗਾ ਜੀ ਦੇ ਖਾਨਦਾਨ ਵਿਚੋਂ ਸਨ। ਭਾਈ ਪਿਰਾਗਾ ਜੀ ਪੰਜਵੇਂ ਅਤੇ ਛੇਵੇਂ ਗੁਰੂ ਦੇ ਸਮੇਂ ਦੇ ਮੁਖੀ ਸਿੱਖਾਂ ਵਿਚੋਂ ਸਨ। ਇਨ੍ਹਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਯਾਰ੍ਹਵੀਂ ਵਾਰ ਦੀ ਅਠਾਈਵੀਂ ਪਉੜੀ ਵਿਚ ਕੀਤਾ ਹੈ। ਭਾਈ ਪਿਰਾਗਾ ਦੇ ਵਡੇਰੇ ਜੇਹਲਮ (ਹੁਣ ਪਾਕਿਸਤਾਨ) ਦੇ ਰਹਿਣ ਵਾਲੇ ਸਨ। ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਤੋਂ ਪ੍ਰੇਰਿਤ ਹੋ ਕੇ ਇਸ ਪ੍ਰਵਾਰ ਨੇ ਸਿੱਖੀ ਧਾਰਨ ਕੀਤੀ ਸੀ ਤੇ ਫਿਰ ਨਿਰੰਤਰ ਗੁਰੂ ਦਰਬਾਰ ਵਿਚ ਹਾਜਰ ਰਹਿ ਕੇ ਸਿੱਖੀ ਦੀ ਸੇਵਾ ਵਿਚ ਜੁੱਟ ਗਏ ਸਨ। ਇਹ ਲੋਕ ਛਿੱਬਰ ਗੋਤ ਦੇ ਬ੍ਰਾਹਮਣ ਸਨ। ਸਭ ਤੋਂ ਪਹਿਲਾਂ ਸਿੱਖੀ ਧਾਰਨ ਕਰਨ ਵਾਲਾ ਇਨ੍ਹਾਂ ਦਾ ਵਡੇਰਾ ਗੌਤਮ ਸੀ। ਇਸੇ ਗੌਤਮ ਦਾ ਪੁੱਤਰ ਭਾਈ ਪਿਰਾਗਾ ਸੀ ਜੋ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਦਾ ਸੂਰਬੀਰ ਸਿੱਖ ਸੀ ਅਤੇ ਜਿਸ ਨੇ ਮੁਗਲਾਂ ਨਾਲ ਲੜੀਆਂ ਗਈਆਂ ਲੜਾਈਆਂ ਵਿਚ ਬੜੀ ਬਹਾਦਰੀ ਨਾਲ ਹਿੱਸਾ ਲਿਆ ਸੀ। ਭਾਈ ਪਿਰਾਗੇ ਦਾ ਪੁੱਤਰ ਦੁਆਰਕਾ ਦਾਸ ਸੀ ਜੋ ਗੁਰੂ ਹਰਿ ਰਾਇ ਜੀ ਦਾ ਅਨਿਨ ਸਿੱਖ ਸੀ। ਦੁਆਰਕਾ ਦਾਸ ਦੇ ਦੋ ਪੁੱਤਰ ਭਾਈ ਦਰਗਾਹ ਮੱਲ ਅਤੇ ਭਾਈ ਹੀਰਾ ਮੁੱਲ ਸਨ। ਭਾਈ ਦਰਗਾਹ, ਗੁਰੂ ਹਰਿ ਰਾਏ ਅਤੇ ਗੁਰੂ ਹਰਿਕ੍ਰਿਸ਼ਨ ਜੀ ਦੇ ਸਮੇਂ ਦੀਵਾਨ ਰਿਹਾ ਸੀ। ਜਦੋਂ ਗੁਰੂ ਹਰਿ ਕ੍ਰਿਸ਼ਨ ਜੀ ਦਿੱਲੀ ਵਿਖੇ ਜੋਤੀ ਜੋਤਿ ਸਮਾਏ ਤਾਂ ਭਾਈ ਦਰਗਾਹ ਮੱਲ (ਦੀਵਾਨ) ਹੀ ਗੁਰੂ ਤੇਗ਼ ਬਹਾਦਰ ਜੀ ਲਈ ਗੁਰਿਆਈ ਦਾ ਤਿਲਕ ਲੈ ਕੇ ਬਕਾਲੇ ਪੁੱਜਾ ਸੀ। ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਇਸੇ ਭਾਈ ਦਰਗਾਹ ਮੱਲ ਦੇ ਭਤੀਜੇ ਸਨ (ਸਪੁੱਤਰ ਭਾਈ ਹੀਰਾ ਮੱਲ) ਜਿਨ੍ਹਾਂ ਦਾ ਨਾਮ ਭੱਟ ਵਹੀਆਂ ਵਿਚ ਹੀਰਾ ਨੰਦ ਲਿਖਿਆ ਹੈ। ਵਡੇਰੀ ਉਮਰ ਦੇ ਹੋ ਜਾਣ ਕਾਰਣ ਭਾਈ ਦਰਗਾਹ ਮੱਲ ਨੇ ਦੀਵਾਨੀ ਦੀ ਸੇਵਾ ਲਈ ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਨੂੰ ਗੁਰੂ ਤੇਗ਼ ਬਹਾਦਰ ਜੀ ਦੀ ਸੇਵਾ ਵਿਚ ਹਾਜ਼ਰ ਕੀਤਾ। ਮਹਿਮਾ ਪ੍ਰਕਾਸ਼ ਵਾਲਾ ਲਿਖਦਾ ਹੈ।
ਮਤੀਦਾਸ ਗੁਰ ਕੇ ਦੀਵਾਨ
ਸਿੱਖੀ ਮੋ ਪੂਰਨ ਪ੍ਰਮਾਣ
ਭਾਈ ਸਤੀ ਦਾਸ ਨੂੰ ਗੁਰੂ ਘਰ ਦੇ ਲਿਖਾਰੀ ਵਜੋਂ ਸੇਵਾ ਸੌਂਪੀ ਗਈ। ਗੁਰੂ ਜੀ ਜੋ ਬਚਨ ਉਚਾਰਦੇ, ਭਾਈ ਸਤੀ ਦਾਸ ਉਨ੍ਹਾਂ ਨੂੰ ਫ਼ਾਰਸੀ ਅੱਖਰਾਂ ਵਿਚ ਉਤਾਰ ਲੈਂਦੇ ਤੇ ਫਿਰ ਉਨ੍ਹਾਂ ਨੂੰ ਪੰਜਾਬੀ ਅੱਖਰਾਂ ਵਿਚ ਲਿਖਕੇ ਪੋਥੀਆਂ ਵਿਚ ਦਰਜ ਕਰ ਲਿਆ ਜਾਂਦਾ। ਭਾਈ ਕੇਸਰ ਸਿੰਘ ਛਿੱਬਰ, ‘ਬੰਸਾਵਲੀ ਨਾਮੇ’ ਵਿਚ ਲਿਖਦਾ ਹੈ ਕਿ: ਬਾਣੀ ਜੋ ਸਾਹਿਬ ਕਰਨ ਉਚਾਰੁ,
ਸੋ ਸਤੀਦਾਸ ਨਿੱਤ ਕਰੇ
ਫ਼ਾਰਸੀ ਅੱਖਰਾਂ ਵਿਚ ਉਤਰੁ ।।
ਗੁਰੂ ਤੇਗ਼ ਬਹਾਦਰ ਜੀ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਉਨ੍ਹਾਂ ਨੂੰ ਦਿੱਲੀ ਵਿਚ ਇਕ ਸੁੰਞੀ ਹਵੇਲੀ ਵਿਚ ਰਖਿਆ ਗਿਆ। ਇਹ ਹਵੇਲੀ ਇਤਨੀ ਪੁਰਾਣੀ, ਡਰਾਉਣੀ ਅਤੇ ਢੱਠੀ ਹੋਈ ਸੀ ਕਿ ਲੋਕ ਉਥੇ ਜਾਣ ਤੋਂ ਵੀ ਡਰਦੇ ਸਨ। ਕਈ ਦਿਨਾਂ ਤਕ ਗੁਰੂ ਜੀ ਨੂੰ ਇਥੇ ਤਸੀਹੇ ਦਿਤੇ ਜਾਂਦੇ ਰਹੇ ਤੇ ਫਿਰ ਪਿੰਜਰੇ ਵਿਚ ਪਾ ਕੇ ਚਾਂਦਨੀ ਚੌਂਕ ਵਾਲੀ ਕੋਤਵਾਲੀ ਭੇਜ ਦਿਤਾ ਗਿਆ। ਗੁਰੂ ਜੀ ਨੂੰ ਦਿਤੇ ਜਾਂਦੇ ਤਸੀਹੇ ਵੇਖ ਕੇ ਭਾਈ ਮਤੀ ਦਾਸ ਜੀ ਨੇ ਗੁਰੂ ਜੀ ਤੋਂ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦੇਣ ਦੀ ਆਗਿਆ ਮੰਗੀਂ। ਗੁਰੂ ਜੀ ਨੇ ਉਸਨੂੰ ਸ਼ਾਂਤ ਰਹਿ ਕੇ ਭਾਣਾ ਮੰਨਣ ਦਾ ਉਪਦੇਸ਼ ਦਿਤਾ। ਭਾਈ ਮਤੀ ਦਾਸ ਨੂੰ ਰੋਹ ਵਿਚ ਆਇਆ ਵੇਖ ਕੇ ਦਿੱਲੀ ਦੇ ਕੋਤਵਾਲ ਨੇ ਭਾਈ ਸਾਹਿਬ ਨੂੰ ਦੋ ਤਖਤਿਆਂ ਵਿਚ ਬੰਨ੍ਹ ਕੇ ਆਰੇ ਨਾਲ ਸ਼ਹੀਦ ਕਰ ਦੇਣ ਦਾ ਹੁਕਮ ਦਿਤਾ। ਦੋ ਤਖ਼ਤੇ ਮੋ ਦੀਆ ਬੰਧਾਇ।। ਜਲਾਦਨ ਕੋ ਹੁਕਮੁ ਕਰਵਾਇਆ।
ਆਰੇ ਸੋ ਤਿਸੁ ਤਨ ਚੀਰਾਇਆ।
(ਮਹਿਮਾ ਪ੍ਰਕਾਸ਼, ਪੰਨਾ ੬੭੯)
ਸਾਰੇ ਇਤਿਹਾਸਕ ਸਰੋਤ ਇਸ ਗੱਲ ਵਿਚ ਇਕ ਮਤ ਹਨ ਕਿ ਜਦੋਂ ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕੀਤਾ ਗਿਆ ਤਾਂ ਉਹ ਜਪੁਜੀ ਸਾਹਿਬ ਦਾ ਪਾਠ ਕਰ ਰਹੇ ਸਨ ਅਤੇ ਉਨ੍ਹਾਂ ਦਾ ਮੁੱਖ ਗੁਰੂ ਤੇਗ਼ ਬਹਾਦਰ ਜੀ ਦੇ ਪਿੰਜਰੇ ਵਲ ਸੀ। ਭਾਈ ਮਤੀ ਦਾਸ ਜੀ ਦੀ ਮਾਨਸਕ ਅਵਸਥਾ ਦਾ ਅਨੁਮਾਨ ਇਨ੍ਹਾਂ ਸਤਰਾਂ ਤੋਂ ਲਗਾਇਆ ਜਾ ਸਕਦਾ ਹੈ:
ਹਮ ਕੋ ਨਹੀਂ ਪਰਵਾਹ ਸਤਿਗੁਰ ਬਚਨ ਅਧੀਨ,
ਪੁਨ ਦੁਇ ਤਨ ਸੌ ਜਪੁ ਪਾਠ ਕਰ ਮੋਖ ਪਿਆਨਾ ਕੀਨ।।
(ਮਹਿਮਾ ਪ੍ਰਕਾਸ਼, ਪੰਨਾ ੬੮੦) ਇਸੇ ਗੱਲ ਦੀ ਪੁਸ਼ਟੀ ਮਹਾਂ ਕਵੀ ਸੰਤੋਖ ਸਿੰਘ ਵੀ ਕਰਦੇ ਹਨ:
ਅਰਧੋ ਅਰਧ ਚਿਰਾਇ ਸੁ ਡਾਰਾ,
ਪਰਯੋ ਪ੍ਰਿਥੀ ਪਰ ਹੈ ਦੋ ਫਾਰਾ
ਦੋਨਹੁ ਤਨ ਤੇ ਜਪੁਜੀ ਪਢੈ,
ਹੋਰਤ ਸਭ ਕੇ ਅਚਰਜ ਬਢੈ।
(ਅੰਸੂ ੫੪, ਰਾਸ ਬਾਰ੍ਹਵੀਂ
ਭਾਈ ਮਤੀ ਦਾਸ ਜੀ ਨੂੰ ਮੱਘਰ ਸੁਦੀ ਪੰਚਮੀ ੧੭੩੨ ਬਿਕ੍ਰਮੀ ਨੂੰ ਉਸ ਥਾਂ ਤੇ ਸ਼ਹੀਦ ਕੀਤਾ ਗਿਆ ਜਿਸ ਦਾ ਨਾਮ ਹੁਣ ਭਾਈ ਮਤੀ ਦਾਸ ਚੌਕ ਹੈ। ਇਹ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਦੀ ਅੰਡਰਗਰਾਊਂਡ ਪਾਰਕਿੰਗ ਦੇ ਬਿਲਕੁਲ ਸਾਹਮਣੇ ਹੈ।
ਭਾਈ ਮਤੀ ਦਾਸ ਦੇ ਤਿੰਨ ਪੁੱਤਰ ਸਨ- ਸਾਹਿਬ ਸਿੰਘ, ਮੁਕੰਦ ਸਿੰਘ ਅਤੇ ਚਰਨ ਸਿੰਘ। ਇਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਖੰਡੇ ਦੀ ਪਾਹੁਲ ਲਈ ਸੀ। ਭਾਈ ਸਾਹਿਬ ਸਿੰਘ, ਗੁਰੂ ਗੋਬਿੰਦ ਸਿੰਘ ਜੀ ਦਾ ਘਰਬਾਰੀ ਦੀਵਾਨ ਸੀ। ਉਹ ੭ ਕੱਤਕ ੧੭੫੭ ਬਿਕਰਮੀ ਨੂੰ ਨਿਰਮੋਹ ਗੜ੍ਹ ਦੀ ਜੰਗ ਵਿਚ ਸ਼ਹੀਦ ਹੋਇਆ ਸੀ। ਉਸਦਾ ਭਰਾ ਮੁਕੰਦ ਸਿੰਘ ਚਮਕੌਰ ਦੀ ਗੜ੍ਹੀ ਵਿਚ ਸ਼ਹੀਦ ਹੋਣ ਵਾਲੇ ਚਾਲ੍ਹੀ ਸਿੱਖਾਂ ਵਿਚੋਂ ਸੀ ਜੋ ਦਸ ਲੱਖ ਮੁਗ਼ਲ ਫ਼ੌਜਾਂ ਦਾ ਟਾਕਰਾ ਕਰਦੇ, ਬੜੀ ਬੀਰਤਾ ਨਾਲ ਰਣ ਤੱਤੇ ਵਿਚ ਜੂਝਦੇ, ਸ਼ਹੀਦ ਹੋਏ ਸਨ।
ਭਾਈ ਸਤੀ ਦਾਸ
ਭਾਈ ਸਤੀ ਦਾਸ, ਭਾਈ ਮਤੀਦਾਸ ਦੇ ਛੋਟੇ ਵੀਰ ਅਤੇ ਭਾਈ ਹੀਰਾਮੱਲ (ਹੀਰਾ ਨੰਦ) ਦੇ ਸਪੁੱਤਰ ਸਨ। ਭਾਈ ਸਤੀ ਦਾਸ ਫ਼ਾਰਸੀ ਦੇ ਚੰਗੇ ਵਿਦਵਾਨ ਸੀ। ਗੁਰੂ ਘਰ ਵਿਚ ਲਿਖਾ-ਪੜ੍ਹੀ ਦਾ ਸਾਰਾ ਕੰਮ ਭਾਈ ਸਤੀ ਦਾਸ ਸੰਭਾਲਿਆ ਕਰਦੇ ਸਨ। ਗੁਰੂ ਤੇਗ਼ ਬਹਾਦਰ ਜੀ ਦੁਆਰਾ ਉਚਾਰੀ ਗਈ ਬਾਣੀ ਅਤੇ ਬਚਨਾਂ ਨੂੰ ਆਪ ਫ਼ਾਰਸੀ ਅੱਖ਼ਰਾਂ ਵਿਚ ਲਿਖ ਕੇ ਸੰਭਾਲ ਲਿਆ ਕਰਦੇ ਸਨ।
ਬੰਸਾਵਲੀ ਨਾਮੇ ਦਾ ਕਰਤਾ ਸ੍ਰ. ਕੇਸਰ ਸਿੰਘ ਛਿੱਬਰ ਤਾਂ ਇਹ ਵੀ ਲਿਖਦਾ ਹੈ ਕਿ ਬੰਦੀ ਖਾਨੇ ਵਿਚ ਰਹਿੰਦਿਆਂ ਗੁਰੂ ਤੇਗ਼ ਬਹਾਦਰ ਜੀ ਦੁਆਰਾ ਉਚਾਰੀ ਗਈ ਬਾਣੀ ਵੀ ਭਾਈ ਸਤੀ ਦਾਸ ਪਾਸ ਸੀ। ਪਰ ਸ਼ਹੀਦੀ ਤੋਂ ਪਹਿਲਾਂ ਉਹ ਸਾਰੀ ਬਾਣੀ ਤੁਰਕਾਂ ਨੇ ਖੋਹ ਕੇ ਨਸ਼ਟ ਕਰ ਦਿਤੀ।
ਬਾਣੀ ਬਹੁਤ ਆਹੀ ਸਤੀ ਦਾਸ ਪੁਰਸ ਲਿਖੀ ਹੋਈ।
ਤੁਰਕਾਂ ਨੇ ਖੋਹਿ ਲੀਤੀ ਸੋਈ॥੯੭॥
(ਬੰਸਾਵਲੀਨਾਮਾਂ, ਬ੍ਰਿਤਾਂਤ ਗੁਰੂ ਤੇਗ਼ ਬਹਾਦਰ, ਪੰਨਾ ੯੧)
ਆਮ ਇਤਿਹਾਸਕਾਰ ਦਿੱਲੀ ਵਿਖੇ ਕੇਵਲ ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਹੀ ਸ਼ਹੀਦੀ ਦਾ ਜ਼ਿਕਰ ਕਰਦੇ ਹਨ ਪਰ ਭੱਟ ਵਹੀਆਂ ਵਿਚ ਸਾਫ਼ ਲਿਖਿਆ ਹੈ ਕਿ ਭਾਈ ਸਤੀ ਦਾਸ ਜੀ ਨੂੰ ਰੂੰ ਵਿਚ ਲਪੇਟ ਕੇ ਜੀਉਂਦਿਆਂ ਅੱਗ ਲਾ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਸਤੀ ਦਾਸ ਜੀ ਨੂੰ ਵੀ ਉਨ੍ਹਾਂ ਦੇ ਭਰਾ ਮਤੀ ਦਾਸ ਵਾਂਗ ਮੱਘਰ ਸੁਦੀ ਪੰਚਮੀ ਦੇ ਦਿਨ ੧੭੩੨ ਬਿਕ੍ਰਮੀ ਨੂੰ ਸ਼ਹੀਦ ਕੀਤਾ ਗਿਆ ਸੀ।
ਇਨ੍ਹਾਂ ਦੋਹਾਂ ਭਰਾਵਾਂ ਦੇ ਬੰਸ ਅਤੇ ਸ਼ਹੀਦੀ ਦੇ ਸੰਬੰਧ ਵਿਚ ਭੱਟ ਵਹੀ ਮੁਲਤਾਨੀ ਸਿੰਧੀ ਵਿਚ ਇਹ ਸਤਰ ਦਰਜ ਹੈ:
‘ਗੈਲੋ ਮਤੀਦਾਸ, ਸਤੀਦਾਸ ਬੇਟੇ ਹੀਰਾਨੰਦ ਕੇ, ਪੋਤੇ ਲਖੀ ਦਾਸ ਕੇ, ਪੜਪੋਤੇ ਪਿਰਾਗਾ ਕੇ, ਬੰਸ ਗੋਤਮ ਕਾ, ਸਾਰਸੂਤੀ ਭਾਗਵਤ ਗੋਤਰੇ ਛਿੱਬਰ ਬ੍ਰਾਹਮਣ ਮਾਰੇ ਗਏ।
ਭਾਈ ਦਿਆਲਾ ਜੀ
ਗੁਰੂ ਤੇਗ਼ ਬਹਾਦਰ ਜੀ ਨਾਲ ਬੰਦੀ ਬਣਾ ਕੇ ਅਤੇ ਦਿੱਲੀ ਵਿਖੇ ਲਿਆ ਕੇ ਸ਼ਹੀਦ ਕੀਤੇ ਗਏ ਤਿੰਨ ਸਿੱਖਾਂ ਵਿਚੋਂ ਭਾਈ ਦਿਆਲਾ ਜੀ ਵੀ ਇਕ ਸਨ। ਗੁਰੂ ਤੇਗ਼ ਬਹਾਦਰ ਜੀ ਪਿਆਰ ਨਾਲ ਦਿਆਲਾ ਜੀ ਨੂੰ, ‘ਭਾਈ ਜੀ’ ਕਰਕੇ ਸੰਬੋਧਨ ਕਰਦੇ ਸਨ। ਭਾਈ ਦਿਆਲਾ ਜੀ ਦਾ ਗੁਰੂ ਘਰ ਵਿਚ ਇਤਨਾ ਸਤਿਕਾਰ ਸੀ ਕਿ ਗੁਰੂ ਜੀ ਆਪਣੇ ਇਕ ਹੁਕਮਨਾਮੇ ਵਿਚ ਇਥੋਂ ਤਕ ਲਿਖਦੇ ਹਨ ਕਿ ਭਾਈ ਦਿਆਲਾ ਜੀ ਦਾ ਆਖਿਆ, ਉਨ੍ਹਾਂ ਦਾ ਹੀ ਆਖਿਆ ਹੈ। ਆਪ ਲਿਖਦੇ ਹਨ, “ਭਾਈ ਦਿਆਲ ਦਾਸ ਕਹੇ, ਸੰਗਤ ਗੁਰੂ ਕਾ ਹੁਕਮ ਕਰਿ ਮੰਨਣਾ।” ਭਾਈ ਦਿਆਲਾ ਜੀ ਬੜੇ ਕਰਨੀ ਵਾਲੇ ਅਤੇ ਸਿਦਕੀ ਸਿੱਖ ਸਨ।
ਭੱਟ ਵਹੀ ਮੁਲਤਾਨੀ ਸਿੰਧੀ ਅਨੁਸਾਰ ਭਾਈ ਦਿਆਲਾ ਜੀ ਦੇ ਪਿਤਾ ਦਾ ਨਾਮ ਮਾਈ ਦਾਸ ਸੀ। ਇਨ੍ਹਾਂ ਦਾ ਜਨਮ ਪਿੰਡ ਅਲੀਪੁਰ (ਤਹਿਸੀਲ ਅਤੇ ਜ਼ਿਲ੍ਹਾ ਮੁੱਜ਼ਫਰ ਗੜ੍ਹ) ਵਿਖੇ ਮਧੁਰੀ ਬਾਈ ਜੀ ਦੀ ਕੁੱਖ ਤੋਂ ਹੋਇਆ ਸੀ। ਭਾਈ ਦਿਆਲਾ ਜੀ, ਭਾਈ ਮਨੀ ਸਿੰਘ ਸ਼ਹੀਦ ਦੇ ਵਡੇ ਭਰਾ ਸਨ। ਸਾਰੇ ਪੁਰਾਣੇ ਇਤਿਹਾਸਕ ਸਰੋਤ ਇਸ ਗੱਲ ਨਾਲ ਸਹਿਮਤ ਹਨ ਕਿ ਆਪ ਨੂੰ ਉਬਲਦੀ ਦੇਗ਼ ਵਿਚ ਬਿਠਾ ਕੇ ਸ਼ਹੀਦ ਕੀਤਾ ਗਿਆ ਸੀ। ਬੋਹਥ ਦੇ ਪੁੱਤਰ ਦੇਸੂ ਭੱਟ (੪ ਚੇਤ, ੧੭੫੦ ਬਿਕ੍ਰਮੀ) ਦਾ ਕਥਨ ਹੈ: ਧੰਨ ਧੰਨ ਮਾਤਾ ਮਧਰੀ ਬਾਈ,
ਤਉ ਜਾਇਆ ਮਨੀ ਰਾਮ ਪੂਤ ਸੁਪੁੱਤਾ।
ਸੁਪੂਤ ਬੇਟਾ ਤਉ ਗਾਊਂ ਦਯਾਲ ਦਾਸ, ਜੀਤੇ ਜੀ ਦੇਗੇ ਉਬਲਿਤਾ
ਇਸੇ ਤਰਾਂ ਦੇਸਾ ਸਿੰਘ ਦੇ ਪੁੱਤਰ ਭੀਮ ਸਿੰਘ ਭੱਟ ਨੇ ਲਿਖਿਆ ਹੈ:
ਧੰਨ ਧੰਨ ਦਯਾਲ ਦਾਸ ਜੱਸ ਤਉ ਕਾ ਰਿੱਧ ਚੁੰਗਤੇ ਦੇਗੇ ਭੀਤਰ ਧਰਿਆ। ਧੰਨ ਧੰਨ ਮਨੀ ਸਿੰਘ ਜਸ ਤਉ ਕਾ, ਬੰਦ ਬੰਦ ਕਟਿ ਪੋਸ਼ ਉਖਰਿਆ।
(ਭੱਟ ਵਹੀ, ਮੁਲਤਾਨੀ ਸਿੰਧੀ)
ਪੰਥ ਪ੍ਰਕਾਸ਼ ਦੀ ਗੁਆਹੀ ਮੁਤਾਬਕ ਭਾਈ ਦਿਆਲਾ ਜੀ ਅੰਤਮ ਸੁਆਸਾਂ ਤਕ ਅਡੋਲ ਰਹਿ ਕੇ ਸ਼ਹੀਦ ਹੋ ਗਏ ਪਰ ਮੁਖੋਂ ਸੀਅ ਤਕ ਨਾ ਉਚਾਰੀ।
ਆਗਨਿ ਦੇਗ ਕੇ ਨੀਚੇ ਜਗਨ ਕਰਾ ਦ
ਹੋ ਸਿੱਖ ਨੇ ਨੱਕ ਨ ਵਟਯੋ, ਹਾਇ ਨ ਸੀ ਭਈ॥
ਭੱਟ ਵਹੀ ਮੁਲਤਾਨੀ ਸਿੰਧੀ ਅਨੁਸਾਰ, ‘ਦਿਆਲ ਦਾਸ ਬੇਟਾ ਮਾਈ ਦਾਸ ਕਾ, ਪੋਤਾ ਬੱਲੂ ਕਾ, ਪੜਪੋਤਾ ਮੂਲੇ ਕਾ, ਗੁਰੂ ਗੇਲੋ ਮਗਹਰ ਸੁਦੀ ਪੰਚਮੀ ਸੰਬਤ ੧੭੩੨ ਕੋ ਦਿੱਲੀ ਚਾਂਦਨੀ ਚੌਕ ਕੇ ਮਲਹਾਨ, ਸ਼ਾਹੀ ਹੁਕਮ ਗੈਲ ਮਾਰਾ ਗਿਆ।”
ਭਾਈ ਦਿਆਲਾ ਦਾ ਪੁੱਤਰ ਭਾਈ ਕਲਿਆਣਾ ੨੯ ਭਾਦੋਂ ੧੭੫੭ ਬਿਕ੍ਰਮੀ ਨੂੰ ਤਾਰਾ ਗੜ੍ਹ (ਆਨੰਦਪੁਰ) ਪਾਸ ਪਹਾੜੀ ਰਾਜਿਆਂ ਨਾਲ ਲੜਦਾ ਸ਼ਹੀਦ ਹੋਇਆ ਸੀ ਤੇ ਦੂਜਾ ਪੁੱਤਰ ਮਥਰਾ ਸਿੰਘ ੭ ਕੱਤਕ ੧੭੫੭ ਬਿਕ੍ਰਮੀ ਨੂੰ ਨਿਰਮੋਹਗੜ੍ਹ ਦੀ ਲੜਾਈ ਵਿਚ ਜੂਝਦਾ ਹੋਇਆ ਸ਼ਹੀਦੀ ਪਾ ਗਿਆ। 2
ਜਿਸ ਥਾਂ ਤੇ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਗਿਆ ਸੀ, ਕੁਝ ਸਾਲ ਪਹਿਲਾਂ ਤਕ ਉਥੇ ਮੈਜਸਟਿਕ ਸਿਨੇਮਾ ਹੋਇਆ ਕਰਦਾ ਸੀ, ਪਰ ਹੁਣ ਇਹ ਥਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖ਼ਰੀਦ ਲਈ ਹੈ ਅਤੇ ਇਥੇ ਗੁਰੂ ਤੇਗ਼ ਬਹਾਦਰ ਜੀ ਦੇ ਤਿੰਨ ਸ਼ਹੀਦ ਸਾਥੀਆਂ (ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ) ਦੀ ਕੋਈ ਖੂਬਸੂਰਤ ਯਾਦਗਾਰ ਕਾਇਮ ਕਰਨ ਦੀ ਯੋਜਨਾ ਹੈ।

