Bhai Jaita Ji Delhi Ton Anandpur (Pehla Padaav)- 23-11-25

ਭਾਈ ਜੈਤਾ ਦਾ ਦਿੱਲੀ ਤੋਂ ਅਨੰਦਪੁਰ ਤਕ ਦਾ ਸਫਰ

ਜਦੋਂ ਭਾਈ ਜੈਤਾ ਆਪਣੇ ਸਾਥੀਆਂ (ਭਾਈ ਆਗਿਆ, ਭਾਈ ਊਦਾ ਅਤੇ ਭਾਈ ਨਾਨੂੰ) ਸਮੇਤ ਕੂਚਾ ਦਿਲਵਾਲੀ ਤੋਂ ਅਨੰਦਪੁਰ ਸਾਹਿਬ ਲਈ ਚਲਿਆ ਤਾਂ ਸਾਰਾ ਨਗਰ ਅਜੇ ਗਹਿਰੀ ਨੀਂਦ ਸੁੱਤਾ ਪਿਆ ਸੀ। ਉਹ ਪਹੁ ਫੁਟਾਲੇ ਤੋਂ ਪਹਿਲਾਂ ਸ਼ਹਿਰ ਦੀਆਂ ਹੱਦਾਂ ਤੋਂ ਬਾਹਰ ਹੋ ਜਾਣਾ ਚਾਹੁੰਦਾ ਸੀ। ਗੁਰੂ ਤੇਗ਼ ਬਹਾਦਰ ਜੀ ਦੇ ਸੀਸ ਨੂੰ ਉਨ੍ਹਾਂ ਨੇ ਰੁਮਾਲਿਆਂ ਵਿਚ ਲਪੇਟਿਆ ਹੋਇਆ ਸੀ। ‘ਗੁਰੂ ਤੇਗ਼ ਬਹਾਦਰ ਯਾਤਰਾ ਅਸਥਾਨ, ਪਰੰਪਰਾਵਾਂ ਤੇ ਯਾਦ ਚਿੰਨ ਵਿਚ ਲਿਖਿਆ ਹੈ ਕਿ ਉਨ੍ਹਾਂ ਨੇ ਸੋਨੀਪਤ, ਪਾਨੀਪਤ, ਕਰਨਾਲ, ਤਾਵੜੀ, ਅੰਬਾਲਾ, ਬਨੂੜ, ਨਾਭਾ ਤੇ ਕੀਰਤਪੁਰ ਵਾਲਾ ਰਸਤਾ ਅਖਤਿਆਰ ਕੀਤਾ ਸੀ।” ਉਨ੍ਹਾਂ ਨੂੰ ਆਪਣਾ ਪੈਂਡਾ ਮੁਕਾਣ ਵਿਚ ਪੰਜ ਦਿਨ ਲਗੇ ਸਨ।

ਪਹਿਲਾ ਪੜਾ-ਤਾਵੜੀ

ਜਦੋਂ ਭਾਈ ਜੈਤਾ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਲੈ ਕੇ ਆਪਣੇ ਘਰ ਕੂਚਾ ਦਿਲਵਾਲੀ ਤੋਂ ਚਲਿਆ ਤਾਂ ਉਹ ਇਕੱਲਾ ਸੀ। ਉਸਦੇ ਬਾਕੀ ਸਾਥੀ ਉਸ ਨੂੰ ਰਾਹ ਵਿਚ ਮਿਲੇ ਸਨ।” ਅਜੇਹਾ ਇਸ ਲਈ ਕੀਤਾ ਗਿਆ ਸੀ ਕਿ ਕਿਸੇ ਨੂੰ ਸ਼ੱਕ ਨਾ ਪਵੇ ਕਿ ਇਤਨੇ ਬੰਦੇ ਘੋੜਿਆਂ ਤੇ ਸੁਆਰ ਹੋ ਕੇ ਸਵੇਰੇ ਸਵੇਰੇ ਕਿੱਥੇ ਜਾ ਰਹੇ ਹਨ। ਇਨ੍ਹਾਂ ਦਾ ਪਹਿਲਾ ਪੜਾ ਤਾਵੜੀ ਸੀ ਜਿਥੇ ਉਨ੍ਹਾਂ ਨੇ ਰਾਤ ਵੇਲੇ ਬਿਸ੍ਰਾਮ ਕੀਤਾ। ਸਾਰਾ ਸਫ਼ਰ ਜਰਨੈਲੀ ਸੜਕ ਦੇ ਨਾਲ ਨਾਲ ਪਿੰਡਾਂ ਅਤੇ ਖੇਤਾਂ ਦੀਆਂ ਕਚੀਆਂ ਪੈੜਾਂ ਲਿਤਾੜਦਿਆਂ ਤੈਅ ਕੀਤਾ ਗਿਆ ਸੀ।

ਤ੍ਰਾਵੜੀ ਇਕ ਪੁਰਾਨਾਂ ਇਤਿਹਾਸਕ ਨਗਰ ਹੈ। ਇਹ ਨਗਰ ਕਰਨਾਲ ਤੋਂ ੧੨ ਕਿਲੋਮੀਟਰ ਉਤੱਰ ਵਲ ਹੈ। ਬਾਰ੍ਹਵੀਂ ਸਦੀ ਵਿਚ ਇਹ ਨਗਰ ਚੌਹਾਨ ਰਾਜਿਆਂ ਦੀ ਸ਼ਕਤੀ ਦਾ ਪ੍ਰਮੁੱਖ ਕੇਂਦਰ ਸੀ। ਇਥੇ ਹੀ ਪ੍ਰਿਥਵੀ ਰਾਜ ਚੌਹਾਨ ਦੀ ਮੁਹੰਮਦ ਗੌਰੀ ਨਾਲ ੨ ਵਾਰ ਟੱਕਰ ਹੋਈ ਸੀ। ਇਥੇ ਇਕ ਪੁਰਾਨਾ ਕਿਲ੍ਹਾ ਹੈ ਜਿਸ ਦੇ ਦੱਖਣ ਵਿਚ ਇਕ ਤਾਲਾਬ ਹੋਇਆ ਕਰਦਾ ਸੀ। ਮੁਗ਼ਲਾਂ ਦੇ ਸਮੇਂ ਇਸ ਤਾਲਾਬ ਦੇ ਆਸ ਪਾਸ ਧੋਬੀਆਂ ਦੇ ਕੁੱਝ ਘਰ ਸਨ ਜੋ ਮੁਗ਼ਲ ਅਧਿਕਾਰੀਆਂ ਅਤੇ ਨਗਰ ਵਾਸੀਆਂ ਦੇ ਕਪੜੇ ਧੋ ਕੇ ਆਪਣੀ ਰੋਜ਼ੀ ਰੋਟੀ ਕਮਾਂਦੇ ਸਨ। ਇਨ੍ਹਾਂ ਪ੍ਰਵਾਰਾਂ ਵਿਚ ਹੀ ਗੁਰੂ ਘਰ ਦਾ ਇਕ ਸਿੱਖ ਭਾਈ ਦੇਵਾ ਰਾਮ ਵੀ ਰਿਹਾ ਕਰਦਾ ਸੀ। ਦਿੱਲੀ ਤੋਂ ਚਲਣ ਮਗਰੋਂ ਭਾਈ ਜੈਤਾ ਨੇ ਪਹਿਲੀ ਰਾਤ ਇਸ ਦੇ ਘਰ ਹੀ ਕਟੀ ਸੀ। ਭਾਈ ਜੈਤਾ ਦੇ ਨਾਲ ਆਏ ਤਿੰਨ ਸਿੱਖ ਰਾਤ ਭਰ ਚੌਕਸੀ ਵਜੋਂ ਨਗਰ ਵਿਚ ਫਿਰਦੇ ਰਹੇ ਸਨ।

ਜਿਸ ਅਸਥਾਨ ਤੇ ਨੌਵੀਂ ਪਾਤਸ਼ਾਹੀ ਦਾ ਸੀਸ ਰੱਖਿਆ ਗਿਆ ਸੀ ਅਗੇ ਚਲ ਕੇ ਉਥੇ ਸੀਸ ਅਸਥਾਨ ਪਾਤਸ਼ਾਹੀ ਨੌਵੀਂ ਦੇ ਨਾਮ ਨਾਲ ਗੁਰਦੁਆਰਾ ਸਥਾਪਿਤ ਕੀਤਾ ਗਿਆ। ਪਹਿਲਾਂ ਪਹਿਲ ਸੰਨ ੧੭੧੦ ਵਿਚ ਬੰਦਾ ਸਿੰਘ ਬਹਾਦਰ ਨੇ ਇਸ ਨਗਰ ਨੂੰ ਜਿੱਤ ਕੇ ਉਸ ਥਾਂ ਦੀ ਨਿਸ਼ਾਨਦੇਹੀ ਕੀਤੀ ਸੀ। ਇਸ ਲੜਾਈ ਵਿਚ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਸਨ। ਸ਼ਹੀਦ ਹੋਣ ਵਾਲੇ ਸਿੰਘਾਂ ਦਾ ਸਸਕਾਰ ਵੀ ਸੀਸ-ਅਸਥਾਨ ਦੇ ਨੇੜੇ ਹੀ ਕੀਤਾ ਗਿਆ ਸੀ।” ਜਦੋਂ ੧੯੬੫-੬੬ ਈਸਵੀ ਵਿਚ ਗੁਰਦੁਆਰੇ ਦੀ ਨਵੀਂ ਇਮਾਰਤ ਲਈ ਖੁਦਾਈ ਚਲ ਰਹੀ ਸੀ ਤਾਂ ਇਥੋਂ ਸ਼ਹੀਦ ਸਿੰਘਾਂ ਦੀਆਂ ਕਈ ਯਾਦਗਾਰੀ ਵਸਤਾਂ ਮਿਲੀਆਂ ਸਨ।

ਮਹਾਨ ਕੋਸ਼ (ਪੰਨਾ ੪੩੪) ਤੋਂ ਪਤਾ ਚਲਦਾ ਹੈ ਕਿ ਸੰਨ ੧੯੩੦ ਤਕ ਇਥੇ ਕੇਵਲ “ਮੰਜੀ ਸਾਹਿਬ” ਹੀ ਹੋਇਆ ਕਰਦਾ ਸੀ। ਇਹ ਸਰਹੰਦੀ ਇੱਟਾਂ ਦਾ ਬਣਿਆ ਹੋਇਆ ਸੀ ਅਤੇ ਇਸ ਨੂੰ ਸੁਰਖੀ (ਲਾਲ) ਚੂਨਾ ਲਗਾ ਹੋਇਆ ਸੀ। ਇਸ ਦੀਆਂ ਛੇ ਪੱਖਾਂ ਸਨ ਜਿਨ੍ਹਾਂ ਵਿਚ ਛੇ ਆਲੇ ਸਨ। ਇਨ੍ਹਾਂ ਆਲਿਆਂ ਵਿਚ ਲੋਕ ਦੀਵੇ ਜਗਾਂਦੇ ਅਤੇ ਇੱਥੇ ਸੁੱਖਾਂ ਸੁਖਦੇ ਸਨ।

ਗੁਰਦੁਆਰੇ ਦੀ ਮੌਜੂਦਾ ਇਮਾਰਤ ਪੰਜ ਮੰਜ਼ਲੀ ਹੈ ਜਿਸ ਉਪਰ ਸਫੇਦ ਅਤੇ ਰੰਗ ਬਰੰਗੀਆਂ ਟਾਈਲਾਂ ਦਾ ਖੂਬਸੂਰਤ ਕੰਮ ਹੋਇਆ ਹੋਇਆ ਹੈ। ਇਹ ਇਮਾਰਤ ਸੰਨ ੧੯੭੦ ਵਿਚ ਬਾਬਾ ਹਜ਼ਾਰਾ ਸਿੰਘ ਕਾਰਸੇਵਾ ਵਾਲਿਆਂ ਦੀ ਨਿਗਰਾਨੀ ਥਲੇ ਬਣ ਕੇ ਤਿਆਰ ਹੋਈ ਸੀ। ਗੁੰਬਦ ਦੇ ਉਪਰ ਦੇਗ਼ ਤੇਗ਼ ਫ਼ਤਹਿ ਲਿਖਿਆ ਹੈ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਦੀਵਾਰਾਂ ਉਪਰ ਗੁਰੂ ਤੇਗ਼ ਬਹਾਦਰ ਜੀ ਦੇ ਸ਼ਲੋਕ ਦਰਜ ਹਨ। ਮੰਜੀ ਸਾਹਿਬ ਦੇ ਥੱਲੇ ਭੋਰਾ ਸਾਹਿਬ ਹੈ।

ਗੁਰਦੁਆਰੇ ਦੀ ਨਵੀਂ ਇਮਾਰਤ ਦੇ ਪਿਛੇ ਵਿਸ਼ਾਲ ਦੀਵਾਨ ਹਾਲ ਅਤੇ ਲੰਗਰ ਹਾਲ ਹੈ ਅਤੇ ਕਿਲ੍ਹੇ ਦੀ ਬਾਹੀ ਵਾਲੇ ਪਾਸੇ ਪੱਕਾ ਸਰੋਵਰ ਹੈ। ਸਰੋਵਰ ਵਾਲੀ ਥਾਂ ਤੇ ਹੀ ਪੁਰਾਨਾਂ ਛੱਪੜ ਹੋਇਆ ਕਰਦਾ ਸੀ ਜਿੱਥੇ ਭਾਈ ਦੇਵਾ ਰਾਮ (ਗੁਰੂ ਕਾ ਸਿੱਖ) ਕਪੜੇ ਧੋਣ ਆਇਆ ਕਰਦਾ ਸੀ। ਭਾਈ ਜੈਤਾ ਉਸ ਨੂੰ ਇਥੇ ਹੀ ਮਿਲਿਆ ਸੀ।

ਗੁਰਦੁਆਰੇ ਦੇ ਆਸ ਪਾਸ ਬਣ ਰਹੇ ਨਵੇਂ ਹਾਲ ਅਤੇ ਭਵਨਾਂ ਦੀ ਸੇਵਾ ਕੁਰੂਖੇਤਰ ਦੇ ਬਾਬਾ ਚਰਨ ਸਿੰਘ ਜੀ ਕਰਵਾ ਰਹੇ ਹਨ। ਹੁਣ ਇਥੇ ਗੁਰੂ ਤੇਗ਼ ਬਹਾਦਰ ਜੀ ਦੇ ਨਾਮ ਤੇ ਗੁਰੂ ਤੇਗ਼ ਬਹਾਦਰ ਕੰਨਿਆ ਕਾਲਜ ਖੋਲਣ ਦਾ ਕਾਰਜ ਬੜੀ ਤੇਜ਼ੀ ਨਾਲ ਚਲ ਰਿਹਾ ਹੈ। ਕਾਲਜ ਲਈ ਜ਼ਮੀਨ ਖ਼ਰੀਦੀ ਜਾ ਚੁਕੀ ਹੈ।੩

ਤ੍ਰਾਵੜੀ ਵਿਖੇ ਸੁਸ਼ੋਭਿਤ ਇਸ ਇਤਿਹਾਸਕ ਸਥਾਨ ਤੇ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਪੁਰਬ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਹਰ ਮਹੀਨੇ ਦੀ ਪੰਚਮੀ ਵਾਲੇ ਦਿਨ ਵਿਸ਼ੇਸ਼ ਦੀਵਾਨ ਸਜਦੇ ਹਨ। ਦੂਰੋਂ ਨੇੜਿਓਂ ਆਈਆਂ ਸੰਗਤਾਂ ਲਈ ਚਾਹ, ਦੁੱਧ ਤੇ ਲੰਗਰ ਦਾ ਬਹੁਤ ਸੋਹਣਾ ਪ੍ਰਬੰਧ ਕੀਤਾ ਜਾਂਦਾ ਹੈ।