Re Man Kaun gat Hoye Hai Teri – 23-9-25

ਜੈਜਾਵੰਤੀ ਮਹਲਾ ੯ ॥
ਰੇ ਮਨ ਕਉਨ ਗਤਿ ਹੋਇ ਹੈ ਤੇਰੀ ॥ ਇਹ ਜਗ ਮਹਿ ਰਾਮ ਨਾਮੁ ਸੋ ਤਉ ਨਹੀ ਸੁਨਿਓ ਕਾਨਿ ॥ ਬਿਖਿਅਨ ਸਿਉ ਅਤਿ ਲੁਭਾਨਿ ਮਤਿ ਨਾਹਿਨ ਫੇਰੀ ॥੧॥ ਰਹਾਉ ॥ ਮਾਨਸ ਕੋ ਜਨਮੁ ਲੀਨੁ ਸਿਮਰਨੁ ਨਹ ਨਿਮਖ ਕੀਨੁ ॥ ਦਾਰਾ ਸੁਖ ਭਇਓ ਦੀਨੁ ਪਗਹੁ ਪਰੀ ਬੇਰੀ ॥੧॥ ਨਾਨਕ ਜਨ ਕਹਿ ਪੁਕਾਰਿ ਸੁਪਨੈ ਜਿਉ ਜਗ ਪਸਾਰੁ ॥ ਸਿਮਰਤ ਨਹ ਕਿਉ ਮੁਰਾਰਿ ਮਾਇਆ ਜਾ ਕੀ ਚੇਰੀ ॥੨॥੩॥ {ਪੰਨਾ 1352}

ਅਰਥ: ਹੇ ਮਨ! (ਤੂੰ ਕਦੇ ਸੋਚਦਾ ਨਹੀਂ ਕਿ) ਤੇਰੀ ਕੀਹ ਦਸ਼ਾ ਹੋਵੇਗੀ। ਇਸ ਜਗਤ ਵਿਚ (ਤੇਰਾ ਅਮਲ ਸਾਥੀ) ਪਰਮਾਤਮਾ ਦਾ ਨਾਮ (ਹੀ) ਹੈ, ਉਹ (ਨਾਮ) ਤੂੰ ਕਦੇ ਧਿਆਨ ਨਾਲ ਸੁਣਿਆ ਨਹੀਂ। ਤੂੰ ਵਿਸ਼ਿਆਂ ਵਿਚ ਹੀ ਬਹੁਤ ਫਸਿਆ ਰਹਿੰਦਾ ਹੈਂ, ਤੂੰ (ਆਪਣੀ) ਸੁਰਤਿ (ਇਹਨਾਂ ਵਲੋਂ ਕਦੇ) ਪਰਤਾਂਦਾ ਨਹੀਂ।1। ਰਹਾਉ।

ਹੇ ਭਾਈ! ਤੂੰ ਮਨੁੱਖ ਦਾ ਜਨਮ (ਤਾਂ) ਹਾਸਲ ਕੀਤਾ, ਪਰ ਕਦੇ ਰਤਾ ਭਰ ਸਮੇ ਲਈ ਭੀ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ। ਤੂੰ ਸਦਾ ਇਸਤ੍ਰੀ ਦੇ ਸੁਖਾਂ ਦੇ ਹੀ ਅਧੀਨ ਹੋਇਆ ਰਹਿੰਦਾ ਹੈਂ। ਤੇਰੇ ਪੈਰਾਂ ਵਿਚ (ਇਸਤ੍ਰੀ ਦੇ ਮੋਹ ਦੀ) ਬੇੜੀ ਪਈ ਰਹਿੰਦੀ ਹੈ।1।

ਹੇ ਭਾਈ! ਦਾਸ ਨਾਨਕ (ਤੈਨੂੰ) ਪੁਕਾਰ ਕੇ ਆਖਦਾ ਹੈ ਕਿ ਇਹ ਜਗਤ ਦਾ ਖਿਲਾਰਾ ਸੁਪਨੇ ਵਰਗਾ ਹੀ ਹੈ। ਇਹ ਮਾਇਆ ਜਿਸ ਦੀ ਦਾਸੀ ਹੈ ਤੂੰ ਉਸ ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ।2।3।