ਸਾਰੰਗ ਮਹਲਾ ੯ ॥
ਮਨ ਕਰਿ ਕਬਹੂ ਨ ਹਰਿ ਗੁਨ ਗਾਇਓ ॥ ਬਿਖਿਆਸਕਤ ਰਹਿਓ ਨਿਸਿ ਬਾਸੁਰ ਕੀਨੋ ਅਪਨੋ ਭਾਇਓ ॥੧॥ ਰਹਾਉ ॥ ਗੁਰ ਉਪਦੇਸੁ ਸੁਨਿਓ ਨਹਿ ਕਾਨਨਿ ਪਰ ਦਾਰਾ ਲਪਟਾਇਓ ॥ ਪਰ ਨਿੰਦਾ ਕਾਰਨਿ ਬਹੁ ਧਾਵਤ ਸਮਝਿਓ ਨਹ ਸਮਝਾਇਓ ॥੧॥ ਕਹਾ ਕਹਉ ਮੈ ਅਪੁਨੀ ਕਰਨੀ ਜਿਹ ਬਿਧਿ ਜਨਮੁ ਗਵਾਇਓ ॥ ਕਹਿ ਨਾਨਕ ਸਭ ਅਉਗਨ ਮੋ ਮਹਿ ਰਾਖਿ ਲੇਹੁ ਸਰਨਾਇਓ ॥੨॥੪॥੩॥੧੩॥੧੩੯॥੪॥੧੫੯॥ {ਪੰਨਾ 1232}
ਅਰਥ: ਹੇ ਪ੍ਰਭੂ! ਮੈਂ ਮਨ ਲਾ ਕੇ ਕਦੇ ਭੀ ਤੇਰੇ ਗੁਣ ਨਹੀਂ ਗਾਂਦਾ ਰਿਹਾ। ਮੈਂ ਦਿਨ ਰਾਤ ਮਾਇਆ ਵਿਚ ਹੀ ਮਗਨ ਰਿਹਾ, ਉਹੀ ਕੁਝ ਕਰਦਾ ਰਿਹਾ, ਜੋ ਮੈਨੂੰ ਆਪ ਨੂੰ ਚੰਗਾ ਲੱਗਦਾ ਸੀ।1। ਰਹਾਉ।
ਹੇ ਹਰੀ! ਮੈਂ ਕੰਨਾਂ ਨਾਲ ਗੁਰੂ ਦੀ ਸਿੱਖਿਆ (ਕਦੇ) ਨਾਹ ਸੁਣੀ, ਪਰਾਈ ਇਸਤ੍ਰੀ ਵਾਸਤੇ ਕਾਮ-ਵਾਸਨਾ ਰੱਖਦਾ ਰਿਹਾ। ਦੂਜਿਆਂ ਦੀ ਨਿੰਦਾ ਕਰਨ ਵਾਸਤੇ ਬਹੁਤ ਦੌੜ-ਭੱਜ ਕਰਦਾ ਰਿਹਾ। ਸਮਝਾਦਿਆਂ ਭੀ ਮੈਂ (ਕਦੇ) ਨਾਹ ਸਮਝਿਆ (ਕਿ ਇਹ ਕੰਮ ਮਾੜਾ ਹੈ) ।1।
ਹੇ ਹਰੀ! ਜਿਸ ਤਰ੍ਹਾਂ ਮੈਂ ਆਪਣਾ ਜੀਵਨ ਅਜਾਈਂ ਗਵਾ ਲਿਆ, ਉਹ ਮੈਂ ਕਿੱਥੋਂ ਤਕ ਆਪਣੀ ਕਰਤੂਤ ਦੱਸਾਂ? ਨਾਨਕ ਆਖਦਾ ਹੈ– ਹੇ ਪ੍ਰਭੂ! ਮੇਰੇ ਅੰਦਰ ਸਾਰੇ ਔਗੁਣ ਹੀ ਹਨ। ਮੈਨੂੰ ਆਪਣੀ ਸਰਨ ਵਿਚ ਰੱਖ।2।4।3।13। 139।4। 159।

