ਸਾਰੰਗ ਮਹਲਾ ੯ ॥
ਕਹਾ ਨਰ ਅਪਨੋ ਜਨਮੁ ਗਵਾਵੈ ॥ ਮਾਇਆ ਮਦਿ ਬਿਖਿਆ ਰਸਿ ਰਚਿਓ ਰਾਮ ਸਰਨਿ ਨਹੀ ਆਵੈ ॥੧॥ ਰਹਾਉ ॥ ਇਹੁ ਸੰਸਾਰੁ ਸਗਲ ਹੈ ਸੁਪਨੋ ਦੇਖਿ ਕਹਾ ਲੋਭਾਵੈ ॥ ਜੋ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ ॥੧॥ ਮਿਥਿਆ ਤਨੁ ਸਾਚੋ ਕਰਿ ਮਾਨਿਓ ਇਹ ਬਿਧਿ ਆਪੁ ਬੰਧਾਵੈ ॥ ਜਨ ਨਾਨਕ ਸੋਊ ਜਨੁ ਮੁਕਤਾ ਰਾਮ ਭਜਨ ਚਿਤੁ ਲਾਵੈ ॥੨॥੩॥ {ਪੰਨਾ 1231}
ਅਰਥ: ਹੇ ਭਾਈ! ਪਤਾ ਨਹੀਂ ਮਨੁੱਖ ਕਿਉਂ ਆਪਣਾ ਜੀਵਨ ਅਜਾਈਂ ਬਰਬਾਦ ਕਰਦਾ ਹੈ। ਮਾਇਆ ਦੀ ਮਸਤੀ ਵਿਚ ਮਾਇਆ ਦੇ ਸੁਆਦ ਵਿਚ ਰੁੱਝਾ ਰਹਿੰਦਾ ਹੈ, ਤੇ, ਪਰਮਾਤਮਾ ਦੀ ਸਰਨ ਨਹੀਂ ਪੈਂਦਾ।1। ਰਹਾਉ।
ਹੇ ਭਾਈ! ਇਹ ਸਾਰਾ ਜਗਤ ਸੁਪਨੇ ਵਾਂਗ ਹੈ, ਇਸ ਨੂੰ ਵੇਖ ਕੇ, ਪਤਾ ਨਹੀਂ, ਮਨੁੱਖ ਕਿਉਂ ਲੋਭ ਵਿਚ ਫਸਦਾ ਹੈ। ਇੱਥੇ ਤਾਂ ਜੋ ਕੋਈ ਜੰਮਦਾ ਹੈ ਉਹ ਹਰੇਕ ਹੀ ਨਾਸ ਹੋ ਜਾਂਦਾ ਹੈ। ਇਥੇ ਸਦਾ ਲਈ ਕੋਈ ਨਹੀਂ ਟਿਕ ਸਕਦਾ।1।
ਹੇ ਭਾਈ! ਇਹ ਸਰੀਰ ਨਾਸਵੰਤ ਹੈ, ਪਰ ਜੀਵ ਇਸ ਨੂੰ ਸਦਾ ਕਾਇਮ ਰਹਿਣ ਵਾਲਾ ਸਮਝੀ ਰੱਖਦਾ ਹੈ, ਇਸ ਤਰ੍ਹਾਂ ਆਪਣੇ ਆਪ ਨੂੰ (ਮੋਹ ਦੀਆਂ ਫਾਹੀਆਂ ਵਿਚ) ਫਸਾਈ ਰੱਖਦਾ ਹੈ। ਹੇ ਦਾਸ ਨਾਨਕ! ਉਹੀ ਮਨੁੱਖ ਮੋਹ ਦੇ ਬੰਧਨਾਂ ਤੋਂ ਸੁਤੰਤਰ ਰਹਿੰਦਾ ਹੈ, ਜਿਹੜਾ ਪਰਮਾਤਮਾ ਦੇ ਭਜਨ ਵਿਚ ਆਪਣਾ ਚਿੱਤ ਜੋੜੀ ਰੱਖਦਾ ਹੈ।2।3।

