Man Kaha Bisaryo Raam Naam – 15-9-25

ਬਸੰਤੁ ਮਹਲਾ ੯ ॥
ਮਨ ਕਹਾ ਬਿਸਾਰਿਓ ਰਾਮ ਨਾਮੁ ॥ ਤਨੁ ਬਿਨਸੈ ਜਮ ਸਿਉ ਪਰੈ ਕਾਮੁ ॥੧॥ ਰਹਾਉ ॥ ਇਹੁ ਜਗੁ ਧੂਏ ਕਾ ਪਹਾਰ ॥ ਤੈ ਸਾਚਾ ਮਾਨਿਆ ਕਿਹ ਬਿਚਾਰਿ ॥੧॥ ਧਨੁ ਦਾਰਾ ਸੰਪਤਿ ਗ੍ਰੇਹ ॥ ਕਛੁ ਸੰਗਿ ਨ ਚਾਲੈ ਸਮਝ ਲੇਹ ॥੨॥ ਇਕ ਭਗਤਿ ਨਾਰਾਇਨ ਹੋਇ ਸੰਗਿ ॥ ਕਹੁ ਨਾਨਕ ਭਜੁ ਤਿਹ ਏਕ ਰੰਗਿ ॥੩॥੪॥ {ਪੰਨਾ 1186-1187}

ਅਰਥ: ਹੇ ਮਨ! ਤੂੰ ਪਰਮਾਤਮਾ ਦਾ ਨਾਮ ਕਿਉਂ ਭੁਲਾਈ ਬੈਠਾ ਹੈਂ? (ਜਦੋਂ) ਸਰੀਰ ਨਾਸ ਹੋ ਜਾਂਦਾ ਹੈ, (ਤਦੋਂ ਪਰਮਾਤਮਾ ਦੇ ਨਾਮ ਤੋਂ ਬਿਨਾ) ਜਮਾਂ ਨਾਲ ਵਾਹ ਪੈਂਦਾ ਹੈ।1। ਰਹਾਉ।

ਹੇ ਮਨ! ਇਹ ਸੰਸਾਰ (ਤਾਂ, ਮਾਨੋ) ਧੂਏਂ ਦਾ ਪਹਾੜ ਹੈ (ਜਿਸ ਨੂੰ ਹਵਾ ਦਾ ਇੱਕੋ ਬੁੱਲਾ ਉਡਾ ਕੇ ਲੈ ਜਾਂਦਾ ਹੈ) । ਹੇ ਮਨ! ਤੂੰ ਕੀਹ ਸਮਝ ਕੇ (ਇਸ ਜਗਤ ਨੂੰ) ਸਦਾ ਕਾਇਮ ਰਹਿਣ ਵਾਲਾ ਮੰਨੀ ਬੈਠਾ ਹੈਂ?।1।

ਹੇ ਮਨ! (ਚੰਗੀ ਤਰ੍ਹਾਂ ਸਮਝ ਲੈ ਕਿ) ਧਨ, ਇਸਤ੍ਰੀ, ਜਾਇਦਾਦ, ਘਰ = ਇਹਨਾਂ ਵਿਚੋਂ ਕੋਈ ਭੀ ਚੀਜ਼ (ਮੌਤ ਵੇਲੇ ਜੀਵ ਦੇ) ਨਾਲ ਨਹੀਂ ਜਾਂਦੀ।2।

ਹੇ ਨਾਨਕ! ਆਖ– (ਹੇ ਭਾਈ!) ਸਿਰਫ਼ ਪਰਮਾਤਮਾ ਦੀ ਭਗਤੀ ਹੀ ਮਨੁੱਖ ਦੇ ਨਾਲ ਰਹਿੰਦੀ ਹੈ (ਇਸ ਵਾਸਤੇ) ਸਿਰਫ਼ ਪਰਮਾਤਮਾ ਦੇ ਪਿਆਰ ਵਿਚ (ਟਿਕ ਕੇ) ਉਸ ਦਾ ਭਜਨ ਕਰਿਆ ਕਰ।3।4।