ਬਸੰਤੁ ਮਹਲਾ ੯ ॥
ਮਾਈ ਮੈ ਧਨੁ ਪਾਇਓ ਹਰਿ ਨਾਮੁ ॥ ਮਨੁ ਮੇਰੋ ਧਾਵਨ ਤੇ ਛੂਟਿਓ ਕਰਿ ਬੈਠੋ ਬਿਸਰਾਮੁ ॥੧॥ ਰਹਾਉ ॥ ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨੁ ॥ ਲੋਭ ਮੋਹ ਏਹ ਪਰਸਿ ਨ ਸਾਕੈ ਗਹੀ ਭਗਤਿ ਭਗਵਾਨ ॥੧॥ ਜਨਮ ਜਨਮ ਕਾ ਸੰਸਾ ਚੂਕਾ ਰਤਨੁ ਨਾਮੁ ਜਬ ਪਾਇਆ ॥ ਤ੍ਰਿਸਨਾ ਸਕਲ ਬਿਨਾਸੀ ਮਨ ਤੇ ਨਿਜ ਸੁਖ ਮਾਹਿ ਸਮਾਇਆ ॥੨॥ ਜਾ ਕਉ ਹੋਤ ਦਇਆਲੁ ਕਿਰਪਾ ਨਿਧਿ ਸੋ ਗੋਬਿੰਦ ਗੁਨ ਗਾਵੈ ॥ ਕਹੁ ਨਾਨਕ ਇਹ ਬਿਧਿ ਕੀ ਸੰਪੈ ਕੋਊ ਗੁਰਮੁਖਿ ਪਾਵੈ ॥੩॥੩॥ {ਪੰਨਾ 1186}
ਅਰਥ: ਹੇ (ਮੇਰੀ) ਮਾਂ! (ਜਦੋਂ ਦਾ ਗੁਰੂ ਦੀ ਸਰਨ ਪੈ ਕੇ) ਮੈਂ ਪਰਮਾਤਮਾ ਦਾ ਨਾਮ-ਧਨ ਹਾਸਲ ਕੀਤਾ ਹੈ, ਮੇਰਾ ਮਨ (ਮਾਇਆ ਦੀ ਖ਼ਾਤਰ) ਦੌੜ-ਭੱਜ ਕਰਨ ਤੋਂ ਬਚ ਗਿਆ ਹੈ, (ਹੁਣ ਮੇਰਾ ਮਨ ਨਾਮ-ਧਨ ਵਿਚ) ਟਿਕਾਣਾ ਬਣਾ ਕੇ ਬਹਿ ਗਿਆ ਹੈ।1। ਰਹਾਉ।
ਹੇ ਮੇਰੀ ਮਾਂ! (ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ) ਸੁੱਧ-ਸਰੂਪ ਪਰਮਾਤਮਾ ਨਾਲ ਡੂੰਘੀ ਸਾਂਝ ਬਣ ਗਈ ਹੈ (ਜਿਸ ਕਰਕੇ) ਮੇਰੇ ਸਰੀਰ ਵਿਚੋਂ ਮਾਇਆ ਜੋੜਨ ਦੀ ਲਾਲਸਾ ਦੂਰ ਹੋ ਗਈ ਹੈ। (ਜਦੋਂ ਤੋਂ ਮੈਂ) ਭਗਵਾਨ ਦੀ ਭਗਤੀ ਹਿਰਦੇ ਵਿਚ ਵਸਾਈ ਹੈ ਲੋਭ ਅਤੇ ਮੋਹ ਇਹ ਮੇਰੇ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੇ।1।
ਹੇ ਮੇਰੀ ਮਾਂ! ਜਦੋਂ ਤੋਂ (ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦਾ ਅਮੋਲਕ ਨਾਮ ਲੱਭਾ ਹੈ, ਮੇਰਾ ਜਨਮਾਂ ਜਨਮਾਂਤਰਾਂ ਦਾ ਸਹਿਮ ਦੂਰ ਹੋ ਗਿਆ ਹੈ; ਮੇਰੇ ਮਨ ਵਿਚੋਂ ਸਾਰੀ ਤ੍ਰਿਸ਼ਨਾ ਮੁੱਕ ਗਈ ਹੈ, ਹੁਣ ਮੈਂ ਉਸ ਆਨੰਦ ਵਿਚ ਟਿਕਿਆ ਰਹਿੰਦਾ ਹਾਂ ਜਿਹੜਾ ਸਦਾ ਮੇਰੇ ਨਾਲ ਟਿਕਿਆ ਰਹਿਣ ਵਾਲਾ ਹੈ।2।
ਹੇ ਮਾਂ! ਕਿਰਪਾ ਦਾ ਖ਼ਜ਼ਾਨਾ ਗੋਬਿੰਦ ਜਿਸ ਮਨੁੱਖ ਉੱਤੇ ਦਇਆਵਾਨ ਹੁੰਦਾ ਹੈ, ਉਹ ਮਨੁੱਖ ਉਸ ਦੇ ਗੁਣ ਗਾਂਦਾ ਰਹਿੰਦਾ ਹੈ। ਹੇ ਨਾਨਕ! ਆਖ– (ਹੇ ਮਾਂ) ਕੋਈ ਵਿਰਲਾ ਮਨੁੱਖ ਇਸ ਕਿਸਮ ਦਾ ਧਨ ਗੁਰੂ ਦੇ ਸਨਮੁਖ ਰਹਿ ਕੇ ਹਾਸਲ ਕਰਦਾ ਹੈ।3। 3।

