ਮਾਰੂ ਮਹਲਾ ੯ ॥
ਅਬ ਮੈ ਕਹਾ ਕਰਉ ਰੀ ਮਾਈ ॥ ਸਗਲ ਜਨਮੁ ਬਿਖਿਅਨ ਸਿਉ ਖੋਇਆ ਸਿਮਰਿਓ ਨਾਹਿ ਕਨ੍ਹ੍ਹਾਈ ॥੧॥ ਰਹਾਉ ॥ ਕਾਲ ਫਾਸ ਜਬ ਗਰ ਮਹਿ ਮੇਲੀ ਤਿਹ ਸੁਧਿ ਸਭ ਬਿਸਰਾਈ ॥ ਰਾਮ ਨਾਮ ਬਿਨੁ ਯਾ ਸੰਕਟ ਮਹਿ ਕੋ ਅਬ ਹੋਤ ਸਹਾਈ ॥੧॥ ਜੋ ਸੰਪਤਿ ਅਪਨੀ ਕਰਿ ਮਾਨੀ ਛਿਨ ਮਹਿ ਭਈ ਪਰਾਈ ॥ ਕਹੁ ਨਾਨਕ ਯਹ ਸੋਚ ਰਹੀ ਮਨਿ ਹਰਿ ਜਸੁ ਕਬਹੂ ਨ ਗਾਈ ॥੨॥੨॥ {ਪੰਨਾ 1008}
{ਨੋਟ: ਭੂਤ ਕਾਲ ਨੂੰ ਵਰਤਮਾਨ ਸਮਝਣਾ ਹੈ, ਇਹ ਹਾਲਤ ਸਦਾ ਹੀ ਹੁੰਦੀ ਰਹਿੰਦੀ ਹੈ ਆਪਣੇ ਆਪ ਨੂੰ ਸਾਹਮਣੇ ਰੱਖ ਕੇ ਜਗਤ ਦੀ ਆਮ ਦਸ਼ਾ ਦੱਸ ਰਹੇ ਹਨ। }
ਅਰਥ: ਹੇ ਮਾਂ! ਵੇਲਾ ਵਿਹਾ ਜਾਣ ਤੇ ਮੈਂ ਕੀਹ ਕਰ ਸਕਦਾ ਹਾਂ? (ਭਾਵ, ਵੇਲਾ ਵਿਹਾ ਜਾਣ ਤੇ ਮਨੁੱਖ ਕੁਝ ਭੀ ਨਹੀਂ ਕਰ ਸਕਦਾ) । ਜਿਸ ਮਨੁੱਖ ਨੇ ਸਾਰੀ ਜ਼ਿੰਦਗੀ ਵਿਸ਼ੇ-ਵਿਕਾਰਾਂ ਵਿਚ ਗਵਾ ਲਈ, ਤੇ, ਪਰਮਾਤਮਾ ਦਾ ਸਿਮਰਨ ਕਦੇ ਭੀ ਨਾਹ ਕੀਤਾ (ਉਹ ਸਮਾ ਖੁੰਝ ਜਾਣ ਤੇ ਫਿਰ ਕੁਝ ਨਹੀਂ ਕਰ ਸਕਦਾ) ।1। ਰਹਾਉ।
ਹੇ ਮਾਂ! ਜਦੋਂ ਜਮਰਾਜ (ਮਨੁੱਖ ਦੇ) ਗਲ ਵਿਚ ਮੌਤ ਦੀ ਫਾਹੀ ਪਾ ਦੇਂਦਾ ਹੈ, ਤਦੋਂ ਉਹ ਉਸ ਦੀ ਸਾਰੀ ਸੁਧ-ਬੁਧ ਭੁਲਾ ਦੇਂਦਾ ਹੈ। ਉਸ ਬਿਪਤਾ ਵਿਚ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਭੀ ਮਦਦਗਾਰ ਨਹੀਂ ਬਣ ਸਕਦਾ (ਜਮਾਂ ਦੀ ਫਾਹੀ ਤੋਂ, ਆਤਮਕ ਮੌਤ ਤੋਂ ਸਹਿਮ ਤੋਂ ਸਿਰਫ਼ ਹਰਿ-ਨਾਮ ਹੀ ਬਚਾਂਦਾ ਹੈ) ।1।
ਹੇ ਮਾਂ! ਜਿਹੜੇ ਧਨ-ਪਦਾਰਥ ਨੂੰ ਮਨੁੱਖ ਸਦਾ ਆਪਣਾ ਸਮਝੀ ਰੱਖਦਾ ਹੈ (ਜਦੋਂ ਮੌਤ ਆਉਂਦੀ ਹੈ, ਉਹ ਧਨ-ਪਦਾਰਥ) ਇਕ ਖਿਨ ਵਿਚ ਬਿਗਾਨਾ ਹੋ ਜਾਂਦਾ ਹੈ। ਹੇ ਨਾਨਕ! ਆਖ– ਉਸ ਵੇਲੇ ਮਨੁੱਖ ਦੇ ਮਨ ਵਿਚ ਇਹ ਪਛੁਤਾਵਾ ਰਹਿ ਜਾਂਦਾ ਹੈ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਦੇ ਭੀ ਨਾਹ ਕੀਤੀ।2। 2।

