Har jas Re Manaa gaye Lai – 2-9-25

ਤਿਲੰਗ ਮਹਲਾ ੯ ॥
ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥ ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ ॥੧॥ ਰਹਾਉ ॥ ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ ॥ ਕਾਲ ਫਾਸ ਜਬ ਗਲਿ ਪਰੀ ਸਭ ਭਇਓ ਪਰਾਇਓ ॥੧॥ ਜਾਨਿ ਬੂਝ ਕੈ ਬਾਵਰੇ ਤੈ ਕਾਜੁ ਬਿਗਾਰਿਓ ॥ ਪਾਪ ਕਰਤ ਸੁਕਚਿਓ ਨਹੀ ਨਹ ਗਰਬੁ ਨਿਵਾਰਿਓ ॥੨॥ ਜਿਹ ਬਿਧਿ ਗੁਰ ਉਪਦੇਸਿਆ ਸੋ ਸੁਨੁ ਰੇ ਭਾਈ ॥ ਨਾਨਕ ਕਹਤ ਪੁਕਾਰਿ ਕੈ ਗਹੁ ਪ੍ਰਭ ਸਰਨਾਈ ॥੩॥੩॥ {ਪੰਨਾ 727}

ਅਰਥ: ਹੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰ, ਇਹ ਸਿਫ਼ਤਿ-ਸਾਲਾਹ ਹੀ ਤੇਰਾ ਅਸਲੀ ਸਾਥੀ ਹੈ। ਮੇਰਾ ਬਚਨ ਮੰਨ ਲੈ। ਉਮਰ ਦਾ ਸਮਾ ਲੰਘਦਾ ਜਾ ਰਿਹਾ ਹੈ।੧।ਰਹਾਉ।

ਹੇ ਮਨ! ਮਨੁੱਖ ਧਨ-ਪਦਾਰਥ, ਰਥ, ਮਾਲ, ਰਾਜ ਨਾਲ ਬੜਾ ਮੋਹ ਕਰਦਾ ਹੈ। ਪਰ ਜਦੋਂ ਮੌਤ ਦੀ ਫਾਹੀ (ਉਸ ਦੇ) ਗਲ ਵਿਚ ਪੈਂਦੀ ਹੈ, ਹਰੇਕ ਚੀਜ਼ ਬਿਗਾਨੀ ਹੋ ਜਾਂਦੀ ਹੈ।੧।

ਹੇ ਝੱਲੇ ਮਨੁੱਖ! ਇਹ ਸਭ ਕੁਝ ਜਾਣਦਾ ਹੋਇਆ ਸਮਝਦਾ ਹੋਇਆ ਭੀ ਤੂੰ ਆਪਣਾ ਕੰਮ ਵਿਗਾੜ ਰਿਹਾ ਹੈਂ। ਤੂੰ ਪਾਪ ਕਰਦਾ (ਕਦੇ) ਸੰਗਦਾ ਨਹੀਂ, ਤੂੰ (ਇਸ ਧਨ-ਪਦਾਰਥ ਦਾ) ਮਾਣ ਭੀ ਦੂਰ ਨਹੀਂ ਕਰਦਾ।੨।

ਨਾਨਕ (ਤੈਨੂੰ) ਪੁਕਾਰ ਕੇ ਆਖਦਾ ਹੈ-ਹੇ ਭਾਈ! ਗੁਰੂ ਨੇ (ਮੈਨੂੰ) ਜਿਸ ਤਰ੍ਹਾਂ ਉਪਦੇਸ਼ ਕੀਤਾ ਹੈ, ਉਹ (ਤੂੰ ਭੀ) ਸੁਣ ਲੈ (ਕਿ) ਪ੍ਰਭੂ ਦੀ ਸਰਨ ਪਿਆ ਰਹੁ (ਸਦਾ ਪ੍ਰਭੂ ਦਾ ਨਾਮ ਜਪਿਆ ਕਰ) ।੩।੩।