ਧਨਾਸਰੀ ਮਹਲਾ ੯ ॥
ਤਿਹ ਜੋਗੀ ਕਉ ਜੁਗਤਿ ਨ ਜਾਨਉ ॥ ਲੋਭ ਮੋਹ ਮਾਇਆ ਮਮਤਾ ਫੁਨਿ ਜਿਹ ਘਟਿ ਮਾਹਿ ਪਛਾਨਉ ॥੧॥ ਰਹਾਉ ॥ ਪਰ ਨਿੰਦਾ ਉਸਤਤਿ ਨਹ ਜਾ ਕੈ ਕੰਚਨ ਲੋਹ ਸਮਾਨੋ ॥ ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ ॥੧॥ ਚੰਚਲ ਮਨੁ ਦਹ ਦਿਸਿ ਕਉ ਧਾਵਤ ਅਚਲ ਜਾਹਿ ਠਹਰਾਨੋ ॥ ਕਹੁ ਨਾਨਕ ਇਹ ਬਿਧਿ ਕੋ ਜੋ ਨਰੁ ਮੁਕਤਿ ਤਾਹਿ ਤੁਮ ਮਾਨੋ ॥੨॥੩॥ {ਪੰਨਾ 685}
ਅਰਥ: ਹੇ ਭਾਈ! ਜਿਸ (ਜੋਗੀ) ਦੇ ਹਿਰਦੇ ਵਿਚ ਮੈਂ ਲੋਭ ਮਾਇਆ ਦੇ ਮੋਹ ਅਤੇ ਮਮਤਾ (ਦੀਆਂ ਲਹਰਾਂ ਉੱਠ ਰਹੀਆਂ) ਵੇਖਦਾ ਹਾਂ, ਮੈਂ ਸਮਝਦਾ ਹਾਂ ਕਿ ਉਸ ਜੋਗੀ ਨੂੰ (ਸਹੀ) ਜੀਵਨ-ਜਾਚ (ਅਜੇ) ਨਹੀਂ ਆਈ।੧।ਰਹਾਉ।
ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਾਈ ਨਿੰਦਿਆ ਨਹੀਂ ਹੈ, ਪਰਾਈ ਖ਼ੁਸ਼ਾਮਦ ਨਹੀਂ ਹੈ, ਜਿਸ ਨੂੰ ਸੋਨਾ ਲੋਹਾ ਇਕੋ ਜਿਹੇ ਦਿੱਸਦੇ ਹਨ, ਜੇਹੜਾ ਮਨੁੱਖ ਖ਼ੁਸ਼ੀ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ; ਉਸ ਨੂੰ ਹੀ ਜੋਗੀ ਆਖ।੧।
ਹੇ ਨਾਨਕ! ਆਖ-(ਹੇ ਭਾਈ!) ਇਹ ਸਦਾ ਭਟਕਦਾ ਰਹਿਣ ਵਾਲਾ ਮਨ ਦਸੀਂ ਦੌੜਦਾ ਫਿਰਦਾ ਹੈ। ਜਿਸ ਮਨੁੱਖ ਨੇ ਇਸ ਨੂੰ ਅਡੋਲ ਕਰ ਕੇ ਟਿਕਾ ਲਿਆ ਹੈ, ਜੇਹੜਾ ਮਨੁੱਖ ਇਸ ਕਿਸਮ ਦਾ ਹੈ, ਸਮਝ ਲੈ ਕਿ ਉਸ ਨੂੰ ਵਿਕਾਰਾਂ ਤੋਂ ਖ਼ਲਾਸੀ ਮਿਲ ਗਈ ਹੈ।੨।੩।

