ਧਨਾਸਰੀ ਮਹਲਾ ੯ ॥
ਸਾਧੋ ਇਹੁ ਜਗੁ ਭਰਮ ਭੁਲਾਨਾ ॥ ਰਾਮ ਨਾਮ ਕਾ ਸਿਮਰਨੁ ਛੋਡਿਆ ਮਾਇਆ ਹਾਥਿ ਬਿਕਾਨਾ ॥੧॥ ਰਹਾਉ ॥ ਮਾਤ ਪਿਤਾ ਭਾਈ ਸੁਤ ਬਨਿਤਾ ਤਾ ਕੈ ਰਸਿ ਲਪਟਾਨਾ ॥ ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ ॥੧॥ ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਮਨੁ ਨ ਲਗਾਨਾ ॥ ਜਨ ਨਾਨਕ ਕੋਟਨ ਮੈ ਕਿਨਹੂ ਗੁਰਮੁਖਿ ਹੋਇ ਪਛਾਨਾ ॥੨॥੨॥ {ਪੰਨਾ 684}
ਅਰਥ: ਹੇ ਸੰਤ ਜਨੋ! ਇਹ ਜਗਤ (ਮਾਇਆ ਦੀ) ਭਟਕਣਾ ਵਿਚ (ਪੈ ਕੇ) ਕੁਰਾਹੇ ਪਿਆ ਰਹਿੰਦਾ ਹੈ। ਪ੍ਰਭੂ ਦੇ ਨਾਮ ਦਾ ਸਿਮਰਨ ਛੱਡੀ ਰੱਖਦਾ ਹੈ, ਤੇ, ਮਾਇਆ ਦੇ ਹੱਥ ਵਿਚ ਵਿਕਿਆ ਰਹਿੰਦਾ ਹੈ (ਮਾਇਆ ਦੇ ਵੱਟੇ ਆਤਮਕ ਜੀਵਨ ਗਵਾ ਦੇਂਦਾ ਹੈ) ।੧।ਰਹਾਉ।
ਹੇ ਸੰਤ ਜਨੋ! ਮਾਂ, ਪਿਉ, ਭਰਾ, ਪੁੱਤਰ, ਇਸਤ੍ਰੀ-(ਭੁੱਲਾ ਹੋਇਆ ਜਗਤ) ਇਹਨਾਂ ਦੇ ਮੋਹ ਵਿਚ ਫਸਿਆ ਰਹਿੰਦਾ ਹੈ। ਜਵਾਨੀ, ਧਨ, ਤਾਕਤ ਦੇ ਨਸ਼ੇ ਵਿਚ ਜਗਤ ਦਿਨ ਰਾਤ ਝੱਲਾ ਹੋਇਆ ਰਹਿੰਦਾ ਹੈ।੧।
ਜੇਹੜਾ ਪਰਮਾਤਮਾ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਜੇਹੜਾ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਜਗਤ ਉਸ ਨਾਲ ਆਪਣਾ ਮਨ ਨਹੀਂ ਜੋੜਦਾ। ਹੇ ਦਾਸ ਨਾਨਕ! ਆਖ-) ਕ੍ਰੋੜਾਂ ਵਿਚੋਂ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਨਾਲ ਸਾਂਝ ਪਾਈ ਹੈ।੨।੨।

