ਸੋਰਠਿ ਮਹਲਾ ੯ ॥
ਮਾਈ ਮਨੁ ਮੇਰੋ ਬਸਿ ਨਾਹਿ ॥ ਨਿਸ ਬਾਸੁਰ ਬਿਖਿਅਨ ਕਉ ਧਾਵਤ ਕਿਹਿ ਬਿਧਿ ਰੋਕਉ ਤਾਹਿ ॥੧॥ ਰਹਾਉ ॥ ਬੇਦ ਪੁਰਾਨ ਸਿਮ੍ਰਿਤਿ ਕੇ ਮਤ ਸੁਨਿ ਨਿਮਖ ਨ ਹੀਏ ਬਸਾਵੈ ॥ ਪਰ ਧਨ ਪਰ ਦਾਰਾ ਸਿਉ ਰਚਿਓ ਬਿਰਥਾ ਜਨਮੁ ਸਿਰਾਵੈ ॥੧॥ ਮਦਿ ਮਾਇਆ ਕੈ ਭਇਓ ਬਾਵਰੋ ਸੂਝਤ ਨਹ ਕਛੁ ਗਿਆਨਾ ॥ ਘਟ ਹੀ ਭੀਤਰਿ ਬਸਤ ਨਿਰੰਜਨੁ ਤਾ ਕੋ ਮਰਮੁ ਨ ਜਾਨਾ ॥੨॥ ਜਬ ਹੀ ਸਰਨਿ ਸਾਧ ਕੀ ਆਇਓ ਦੁਰਮਤਿ ਸਗਲ ਬਿਨਾਸੀ ॥ ਤਬ ਨਾਨਕ ਚੇਤਿਓ ਚਿੰਤਾਮਨਿ ਕਾਟੀ ਜਮ ਕੀ ਫਾਸੀ ॥੩॥੭॥ {ਪੰਨਾ 632}
ਅਰਥ: ਹੇ ਮਾਂ! ਮੇਰਾ ਮਨ ਮੇਰੇ ਕਾਬੂ ਵਿਚ ਨਹੀਂ। ਰਾਤ ਦਿਨ ਪਦਾਰਥਾਂ ਦੀ ਖ਼ਾਤਰ ਦੌੜਦਾ ਫਿਰਦਾ ਹੈ। ਮੈਂ ਇਸ ਨੂੰ ਕਿਸ ਤਰੀਕੇ ਨਾਲ ਰੋਕਾਂ?।੧।ਰਹਾਉ।
ਇਹ ਜੀਵ ਵੇਦਾਂ ਪੁਰਾਣਾਂ ਸਿੰਮ੍ਰਿਤੀਆਂ ਦਾ ਉਪਦੇਸ਼ ਸੁਣ ਕੇ (ਭੀ) ਰਤਾ ਭਰ ਸਮੇ ਲਈ ਭੀ (ਉਸ ਉਪਦੇਸ਼ ਨੂੰ ਆਪਣੇ) ਹਿਰਦੇ ਵਿਚ ਨਹੀਂ ਵਸਾਂਦਾ। ਪਰਾਏ ਧਨ, ਪਰਾਈ ਇਸਤ੍ਰੀ ਦੇ ਮੋਹ ਵਿਚ ਮਸਤ ਰਹਿੰਦਾ ਹੈ, (ਇਸ ਤਰ੍ਹਾਂ ਆਪਣਾ) ਜਨਮ ਵਿਅਰਥ ਗੁਜ਼ਾਰਦਾ ਹੈ।੧।
ਜੀਵ ਮਾਇਆ ਦੇ ਨਸ਼ੇ ਵਿਚ ਝੱਲਾ ਹੋ ਰਿਹਾ ਹੈ, ਆਤਮਕ ਜੀਵਨ ਬਾਰੇ ਇਸ ਨੂੰ ਕੋਈ ਸੂਝ ਨਹੀਂ ਪੈਂਦੀ। ਮਾਇਆ ਤੋਂ ਨਿਰਲੇਪ ਪ੍ਰਭੂ ਇਸ ਦੇ ਹਿਰਦੇ ਵਿਚ ਹੀ ਵੱਸਦਾ ਹੈ, ਪਰ ਉਸ ਦਾ ਭੇਦ ਇਹ ਜੀਵ ਨਹੀਂ ਸਮਝਦਾ।੨।
ਜਦੋਂ ਜੀਵ ਗੁਰੂ ਦੀ ਸ਼ਰਨ ਪੈਂਦਾ ਹੈ, ਤਦੋਂ ਇਸ ਦੀ ਸਾਰੀ ਕੋਝੀ ਮਤਿ ਨਾਸ ਹੋ ਜਾਂਦੀ ਹੈ। ਤਦੋਂ, ਹੇ ਨਾਨਕ! ਇਹ ਸਾਰੀਆਂ ਮਨੋ-ਕਾਮਨਾ ਪੂਰੀਆਂ ਕਰਨ ਵਾਲੇ ਪਰਮਾਤਮਾ ਨੂੰ ਸਿਮਰਦਾ ਹੈ; ਤੇ, ਇਸ ਦੀ ਜਮ ਦੀ ਫਾਹੀ (ਭੀ) ਕੱਟੀ ਜਾਂਦੀ ਹੈ।੩।੭।

