ਗਉੜੀ ਮਹਲਾ ੯ ॥
ਪ੍ਰਾਨੀ ਕਉ ਹਰਿ ਜਸੁ ਮਨਿ ਨਹੀ ਆਵੈ ॥ ਅਹਿਨਿਸਿ ਮਗਨੁ ਰਹੈ ਮਾਇਆ ਮੈ ਕਹੁ ਕੈਸੇ ਗੁਨ ਗਾਵੈ ॥੧॥ ਰਹਾਉ ॥ ਪੂਤ ਮੀਤ ਮਾਇਆ ਮਮਤਾ ਸਿਉ ਇਹ ਬਿਧਿ ਆਪੁ ਬੰਧਾਵੈ ॥ ਮ੍ਰਿਗ ਤ੍ਰਿਸਨਾ ਜਿਉ ਝੂਠੋ ਇਹੁ ਜਗ ਦੇਖਿ ਤਾਸਿ ਉਠਿ ਧਾਵੈ ॥੧॥ ਭੁਗਤਿ ਮੁਕਤਿ ਕਾ ਕਾਰਨੁ ਸੁਆਮੀ ਮੂੜ ਤਾਹਿ ਬਿਸਰਾਵੈ ॥ ਜਨ ਨਾਨਕ ਕੋਟਨ ਮੈ ਕੋਊ ਭਜਨੁ ਰਾਮ ਕੋ ਪਾਵੈ ॥੨॥੩॥ {ਪੰਨਾ 219}
ਅਰਥ: (ਹੇ ਭਾਈ!) ਮਨੁੱਖ ਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ (ਆਪਣੇ) ਮਨ ਵਿਚ (ਵਸਾਣੀ) ਨਹੀਂ ਆਉਂਦੀ। (ਹੇ ਭਾਈ!) ਦੱਸ, ਉਹ ਮਨੁੱਖ ਕਿਵੇਂ ਪਰਮਾਤਮਾ ਦੇ ਗੁਣ ਗਾ ਸਕਦਾ ਹੈ ਜੇਹੜਾ ਦਿਨ ਰਾਤ ਮਾਇਆ (ਦੇ ਮੋਹ) ਵਿਚ ਮਸਤ ਰਹਿੰਦਾ ਹੈ?।1। ਰਹਾਉ।
(ਹੇ ਭਾਈ! ਮਾਇਆ ਦੇ ਮੋਹ ਵਿਚ ਮਸਤ ਰਹਿਣ ਵਾਲਾ ਮਨੁੱਖ) ਪੁੱਤਰ ਮਿੱਤਰ ਮਾਇਆ (ਆਦਿਕ) ਦੀ ਅਪਣੱਤ ਨਾਲ ਬੱਝਾ ਰਹਿੰਦਾ ਹੈ, ਤੇ ਇਸ ਤਰ੍ਹਾਂ ਆਪਣੇ ਆਪ ਨੂੰ (ਮੋਹ ਦੇ ਬੰਧਨਾਂ ਵਿਚ) ਬੰਨ੍ਹੀ ਰੱਖਦਾ ਹੈ। (ਮਾਇਆ-ਗ੍ਰਸਿਆ ਮਨੁੱਖ ਇਹ ਨਹੀਂ ਸਮਝਦਾ ਕਿ) ਇਹ ਜਗਤ (ਤਾਂ) ਠਗ-ਨੀਰੇ ਵਾਂਗ (ਠੱਗੀ ਹੀ ਠੱਗੀ ਹੈ, ਜਿਵੇਂ ਹਰਨ ਠਗਨੀਰੇ ਨੂੰ ਵੇਖ ਕੇ ਉਸ ਵਲ ਦੌੜਦਾ ਤੇ ਭਟਕ ਭਟਕ ਕੇ ਮਰਦਾ ਹੈ, ਤਿਵੇਂ ਮਨੁੱਖ ਇਸ ਜਗਤ ਨੂੰ) ਵੇਖ ਕੇ ਇਸ ਵਲ (ਸਦਾ) ਦੌੜਦਾ ਰਹਿੰਦਾ ਹੈ (ਤੇ ਆਤਮਕ ਮੌਤ ਸਹੇੜਦਾ ਹੈ) ।1।
ਮੂਰਖ ਮਨੁੱਖ ਉਸ ਮਾਲਕ-ਪ੍ਰਭੂ ਨੂੰ ਭੁਲਾਈ ਰੱਖਦਾ ਹੈ ਜੇਹੜਾ ਦੁਨੀਆ ਦੇ ਭੋਗਾਂ ਤੇ ਸੁਖਾਂ ਦਾ ਭੀ ਮਾਲਕ ਹੈ ਤੇ ਜੇਹੜਾ ਮੋਖ ਭੀ ਦੇਣ ਵਾਲਾ ਹੈ।
ਹੇ ਦਾਸ ਨਾਨਕ! (ਆਖ–) ਕ੍ਰੋੜਾਂ ਵਿਚੋਂ ਕੋਈ ਵਿਰਲਾ ਮਨੁੱਖ ਹੁੰਦਾ ਹੈ ਜੇਹੜਾ (ਜਗਤ ਠਗ-ਨੀਰੇ ਦੇ ਮੋਹ ਤੋਂ ਬਚ ਕੇ) ਪਰਮਾਤਮਾ ਦੀ ਭਗਤੀ ਪ੍ਰਾਪਤ ਕਰਦਾ ਹੈ।2।3।

